ਲੁਧਿਆਣਾ:ਪੰਜਾਬ ਹਿਮਾਚਲ ਹਰਿਆਣਾ ਦੇ 6 ਨੌਜਵਾਨ ਸਾਲ 2017 ਵਿੱਚ ਆਪਣੇ ਸੁਨਹਿਰੇ ਭਵਿੱਖ ਲਈ ਵਿਦੇਸ਼ ਗਏ ਸਨ, ਉਹ ਸਾਰੇ ਤੁਰਕੀ ਤੋਂ ਲਪਤਾ ਹੋ ਗਏ ਸਨ ਅਤੇ ਇਸ ਤੋਂ ਬਾਅਦ ਉਨ੍ਹਾ ਦਾ ਕੁਝ ਪਤਾ ਨਹੀਂ ਚੱਲ ਸਕਿਆ ਹੈ। ਇਨ੍ਹਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਲੱਖਾਂ ਰੁਪਏ ਪੈਸੇ ਦੀ ਠਗੀ ਮਾਰੀ ਗਈ ਅਤੇ ਬੱਚਿਆਂ ਦਾ ਵੀ ਕੋਈ ਪਤਾ ਨਹੀਂ ਚੱਲ ਰਿਹਾ ਹੈ। ਪਰਿਵਾਰਕ ਮੈਬਰਾਂ ਨੇ ਕਿਹਾ ਕਿ 5 ਸਾਲ ਪਹਿਲਾਂ ਉਨ੍ਹਾਂ ਦੇ ਬੱਚਿਆਂ ਨਾਲ ਫੋਨ ਉੱਤੇ ਉਨ੍ਹਾਂ ਦੀ ਗੱਲ ਹੋਈ ਸੀ। ਉਸ ਤੋਂ ਬਾਅਦ ਫਿਰ ਕਦੇ ਸੰਪਰਕ ਵਿੱਚ ਨਹੀਂ ਆਏ। ਤੁਰਕੀ ਵਿੱਚ ਆਏ ਭੂਚਾਲ ਤੋਂ ਬਾਅਦ ਮਾਤਾ- ਪਿਤਾ ਦੀ ਚਿੰਤਾ ਹੋਰ ਵਧ ਗਈ ਹੈ। ਅੱਜ 6 ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਲੁਧਿਆਣਾ ਪੁੱਜ ਕੇ ਬਲਵੰਤ ਸਿੰਘ ਰਾਮੂਵਾਲੀਆ ਅਤੇ ਹੋਰ ਸਮਾਜਸੇਵੀ ਸੰਸਥਾਵਾਂ ਨਾਲ ਗੱਲਬਾਤ ਕਰਦੇ ਹੋਏ ਦਰਦ ਸਾਂਝਾ ਕੀਤਾ।
3 ਸੂਬਿਆਂ ਨਾਲ ਸਬੰਧਿਤ ਨੌਜਵਾਨ:ਦਰਅਸਲ ਇਹ ਨੌਜਵਾਨ ਤਿੰਨ ਸੂਬਿਆਂ ਦੇ ਨਾਲ ਸਬੰਧਤ ਹਨ, ਜਿਨ੍ਹਾਂ ਵਿੱਚੋ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਗੁਰਵਿੰਦਰ ਸਿੰਘ, ਅੰਮ੍ਰਿਤਸਰ ਤੋਂ ਨਵਜੋਤ ਸਿੰਘ, ਪਟਿਆਲਾ ਤੋਂ ਲਵਜੀਤ ਸਿੰਘ ਅਤੇ ਭਾਗਰਣ ਪੰਜਾਬ ਤੋਂ ਗੁਰਪ੍ਰੀਤ ਸਿੰਘ, ਹਰਿਆਣਾ ਦੇ ਕਰਨਾਲ ਤੋਂ ਧਰਮਪਾਲ ਸਿੰਘ ਅਤੇ ਹਿਮਾਚਲ ਦੇ ਸੋਲਨ ਤੋਂ ਬੂਟਾ ਸਿੰਘ ਸ਼ਾਮਿਲ ਨੇ। 2017 ਚ ਇਨ੍ਹਾ ਸਾਰੇ ਹੀ ਨੌਜਵਾਨਾਂ ਨੂੰ ਵੱਖ ਵੱਖ ਟਰੈਵਲ ਏਜੰਟਾਂ ਵੱਲੋਂ ਤੁਰਕੀ, ਇਟਲੀ ਆਦਿ ਕਹਿ ਕੇ ਭੇਜਿਆ ਸੀ ਜਿਸ ਤੋਂ ਬਾਅਦ 2017 ਤੋਂ ਇਨ੍ਹਾਂ ਨੌਜਵਾਨਾਂ ਦਾ ਕੋਈ ਅਤਾ ਪਤਾ ਨਹੀਂ ਹੈ।
ਪਰਿਵਾਰ ਦੀ ਅਪੀਲ:ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਜਿਨ੍ਹਾਂ ਟਰੈਵਲ ਏਜੰਟਾਂ ਵੱਲੋਂ ਸਾਡੇ ਨਾਲ ਠੱਗੀ ਮਾਰੀ ਗਈ ਅਤੇ ਸਾਡੇ ਨੌਜਵਾਨਾਂ ਦੀ ਜਾਨ ਨੂੰ ਖ਼ਤਰੇ ਦੇ ਵਿੱਚ ਪਾ ਦਿੱਤਾ ਗਿਆ ਅੱਜ ਉਹ ਖੁੱਲੇਆਮ ਘੁੰਮ ਰਹੇ ਨੇ ਜਦੋਂ ਕੇ ਸਾਡੇ ਬੱਚਿਆਂ ਦਾ ਕੋਈ ਪਤਾ ਟਿਕਾਣਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਪਰ ਹਾਲੇ ਤੱਕ ਸਾਨੂੰ ਪਤਾ ਹੀ ਨਹੀਂ ਚੱਲ ਸਕਿਆ ਹੈ ਕਿ ਸਾਡੇ ਬੱਚੇ ਕਿੱਥੇ ਨੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਅਤੇ ਕਿਹਾ ਕਿ 6 ਨੌਜਵਾਨਾਂ ਬਾਰੇ ਪਤਾ ਕੀਤਾ ਜਾਵੇ ਕਿ ਉਹ ਕਿਥੇ ਨੇ ਅਤੇ ਕਿਸ ਹਾਲਤ ਦੇ ਵਿੱਚ ਹਨ ਉਨ੍ਹਾਂ ਕਿਹਾ ਕਿ ਜਿੰਨਾ ਫਰਜ਼ੀ ਟਰੈਵਲ ਏਜੰਟਾਂ ਤੇ ਉਨ੍ਹਾਂ ਨੂੰ ਅਜਿਹੇ ਹਲਾਤਾਂ ਦੇ ਵਿਚ ਪਹੁੰਚਾਇਆ ਹੈ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।