ਹੁਸ਼ਿਆਰਪੁਰ :ਚੋਣਾਂ ਦੌਰਾਨ ਅਕਸਰ ਸੱਤਾ ਤੇ ਕਾਬਜ਼ ਸਰਕਾਰਾਂ ਵੱਲੋਂ ਜਿੱਥੇ ਆਮ ਵਰਗ ਨੂੰ ਲੈ ਕੇ ਵੱਡੇ ਵੱਡੇ ਐਲਾਨ ਕੀਤੇ ਜਾਂਦੇ ਹਨ। ਉੱਥੇ ਹੀ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰਨ ਵਾਲਿਆਂ ਨੂੰ ਲੈ ਕੇ ਵੀ ਸਰਕਾਰ ਵੱਡੇ ਵੱਡੇ ਗੱਫੇ ਦੇਣ ਦੀਆਂ ਦੁਹਾਈਆਂ ਦਿੰਦੀ ਹੈ।ਪਰ ਜਦੋਂ ਵੋਟਾਂ ਹੋ ਜਾਂਦੀਆਂ ਨੇ ਤਾਂ ਸਰਕਾਰ ਦੇ ਆਗੂ ਆਪਣੇ ਇਨ੍ਹਾਂ ਵਾਅਦਿਆਂ ਨੂੰ ਭੁਲਾ ਦਿੰਦੇ ਹਨ।
ਮੀਂਹ ਨੇ ਕੀਤਾ ਘਰੋਂ ਬੇਘਰ ਮਦਦ ਦੀ ਉਡੀਕ 'ਚ ਗਰੀਬ ਪਰਿਵਾਰ ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਤੋ ਸਾਹਮਣੇ ਆਇਆ ਹੈ। ਜਿੱਥੇ ਇੱਕ ਗ਼ਰੀਬ ਪਤੀ ਪਤਨੀ ਆਪਣੇ ਦੋ ਬੱਚਿਆਂ ਨਾਲ ਘਰ ਦੀ ਛੱਤ ਡਿੱਗਣ ਤੋਂ ਬਾਅਦ ਮੁਹੱਲੇ 'ਚ ਹੀ ਸਥਿਤ ਇਕ ਧਾਰਮਿਕ ਸਥਾਨ ਤੇ ਰਹਿਣ ਨੂੰ ਮਜ਼ਬੂਰ ਹਨ। ਆਪਣੀ ਸਮੱਸਿਆ ਨੂੰ ਲੈ ਕੇ ਉਹ ਮੁਹੱਲੇ ਦੇ ਕੌਂਸਲਰ ਅਤੇ ਅਧਿਕਾਰੀਆਂ ਤੱਕ ਵੀ ਜਾ ਚੁੱਕੇ ਹਨ। ਉਹਨਾਂ ਦੀ ਸਮੱਸਿਆ ਦਾ ਹੱਲ ਕਿਧਰੇ ਵੀ ਨਹੀਂ ਹੋਇਆ।
ਜਾਣਕਾਰੀ ਦਿੰਦਿਆਂ ਪੀੜਤ ਸੋਹਣ ਲਾਲ ਅਤੇ ਉਸਦੀ ਪਤਨੀ ਬਿੰਦਰ ਨੇ ਦੱਸਿਆ ਕਿ 29 ਜੁਲਾਈ ਨੂੰ ਬਰਸਾਤੀ ਮੀਂਹ ਨਾਲ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਪਈ ਸੀ। ਘਰ 'ਚ ਵੀ ਕਰੰਟ ਆ ਗਿਆ ਸੀ। ਬੇਹੱਦ ਗਰੀਬੀ ਹੋਣ ਕਾਰਨ ਉਹ ਆਪਣਾ ਮਕਾਨ ਬਣਾਉਣ ਤੋਂ ਵੀ ਅਸਮਰੱਥ ਹਨ।
ਸੋਹਣ ਲਾਲ ਨੇ ਕਿਹਾ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ ਪ੍ਰੰਤੂ ਕਈ ਵਾਰ ਮਜ਼ਦੂਰੀ ਵੀ ਨਾ ਮਿਲਣ ਕਾਰਨ ਉਸ ਨੂੰ ਖਾਲੀ ਹੱਥ ਹੀ ਘਰ ਪਰਤਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਆਪਣੀ ਇਸ ਸਮੱਸਿਆ ਨੂੰ ਲੈ ਕੇ ਉਹ ਮੁਹੱਲੇ ਦੇ ਕੌਂਸਲਰ ਤੇ ਡਿਪਟੀ ਕਮਿਸ਼ਨਰ ਕੋਲ ਵੀ ਗਏ ਸਨ। ਉਨ੍ਹਾਂ ਦੀ ਕਿਸੇ ਵਲੋਂ ਵੀ ਬਾਂਹ ਨਹੀਂ ਫੜੀ ਗਈ।
ਇਸ ਮੌਕੇ ਪੀੜਤ ਪਤੀ ਪਤਨੀ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾ ਤੋਂ ਮਦਦ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਇਸ ਮੁਸ਼ਕਲ ਘੜੀ 'ਚ ਉਨ੍ਹਾਂ ਦੇ ਪਰਿਵਾਰ ਦਾ ਸਾਥ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਬੱਚਿਆਂ ਨਾਲ ਮਕਾਨ 'ਚ ਰਹਿ ਸਕਣ।
ਇਹ ਵੀ ਪੜ੍ਹੋ :-ਸਰਕਾਰੀ ਨੌਕਰੀਆਂ ‘ਚ 4 ਫ਼ੀਸਦੀ ਰਾਖਵਾਂਕਰਨ ਖ਼ਤਮ, ਜਾਣੋ ਕਿਸ ਨੂੰ ਹੋਵੇਗਾ ਨੁਕਸਾਨ