ਹੁਸ਼ਿਆਰਪੁਰ: ਆਮ ਆਦਮੀ ਪਾਰਟੀ ਇੱਕ ਪਾਸੇ ਤਾਂ ਭ੍ਰਿਸ਼ਟਾਚਾਰ ਖ਼ਤਮ ਕਰਨ ਦੀ ਗੱਲ ਕਰਦੀ ਹੈ ਤਾਂ ਦੂਜੇ ਪਾਸੇ ਵਿਰੋਧੀਆਂ ਵੱਲੋਂ 'ਆਪ' ਪਾਰਟੀ 'ਤੇ ਲੁੱਟ ਕਰਨ ਵਾਲਿਆਂ ਨੂੰ ਬਚਾਉਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਦਰਅਸਲ ਹੁਣ ਬੀਜੇਪੀ ਆਗੂ ਨਿਮਿਸ਼ਾ ਮਹਿਤਾ ਵੱਲੋਂ ਆਮ ਆਦਮੀ ਪਾਰਟੀ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਹਨ। ਉਨ੍ਹਾਂ ਮੀਡੀਆ ਨੂੰ ਸੰਬੋਧਨ ਕਰਦੇ ਆਖਿਆ ਕਿ ਜਾਅਲੀ ਮਾਈਨਿੰਗ ਵਾਲਿਆਂ ਦੀਆਂ ਪਰਚੀਆਂ ਬੇਚਕੇ ਸਰਕਾਰੀ ਖ਼ਜਾਨੇ ਨਾਲ ਹੋਈ ਠੱਗੀ ਅਤੇ ਲੁੱਟ ਕਰਨ ਵਾਲੇ ਦੋਸ਼ੀਆਂ ਨੂੰ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਬਚਾਇਆ ਜਾ ਰਿਹਾ ਹੈ ।
'ਆਪ' 'ਤੇ ਜਾਅਲੀ ਮਾਈਨਿੰਗ ਪਰਚੀਆਂ 'ਚ ਘਪਲੇ ਕਰਨ ਵਾਲਿਆਂ ਨੂੰ ਬਚਾਉਣ ਦਾ ਇਲਜ਼ਾਮ
ਬੀਜੇਪੀ ਆਗੂ ਨਿਮਿਸ਼ਾ ਮਹਿਤਾ ਨੇ ਆਮ ਅਦਮੀ ਪਾਰਟੀ 'ਤੇ ਇਲਜ਼ਾਮ ਲਗਾਇਆ ਹੈ ਕਿ ਸਰਕਾਰ ਜਾਅਲੀ ਮਾਈਨਿੰਗ ਪਰਚੀਆਂ ਘਪਲੇ ਦੇ ਦੋਸ਼ੀਆਂ ਨੂੰ ਬਚਾ ਰਹੀ ਹੈ।
ਜਾਅਲੀ ਪਰਚੀਆਂ: ਨਿਮਿਸ਼ਾ ਮਹਿਤਾ ਨੇ ਜ਼ਿਲ੍ਹਾ ਰੋਪੜ ਦੇ ਥਾਣਾ ਨੰਗਲ ਵਿੱਚ 20 ਜੁਲਾਈ 2023 ਨੂੰ ਹੋਈ ਐੱਫ਼.ਆਈ.ਆਰ. ਨੰਬਰ 98 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਐੱਫ਼.ਆਈ.ਆਰ. ਸਪੱਸ਼ਟ ਕਰ ਰਹੀ ਹੈ ਕਿ ਮਾਈਨਿੰਗ ਵਿਭਾਗ ਦੀਆਂ ਜਾਅਲੀ ਪਰਚੀਆਂ ਬਣਾਈਆਂ ਗਈਆਂ ਅਤੇ ਫਿਰ ਸਰਕਾਰੀ ਕੰਡੇ 'ਤੇ ਜਮ੍ਹਾ ਕਰਵਾਈਆਂ ਗਈਆਂ। ਇਨ੍ਹਾਂ ਪਰਚੀਆਂ ਰਾਹੀਂ ਸਰਕਾਰ ਦੇ ਖ਼ਜ਼ਾਨੇ ਵਿੱਚ ਖਣਨ ਸਮੱਗਰੀ ਦੀ ਰਾਇਲਿਟੀ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾ ਹੁੰਦੀ ਹੈ ਅਤੇ ਇੱਕ ਪਰਚੀ ਨਾਲ 4800 ਤੋਂ 6 ਹਜ਼ਾਰ ਰੁਪਏ ਰਾਇਲਿਟੀ ਸਰਕਾਰੀ ਖਜਾਨੇ ਵਿੱਚ ਜਾਂਦੀ ਹੈ। ਇਹ ਜਾਅਲੀ ਪਰਚੀਆਂ ਸ਼ਾਹਪੁਰ ਕੰਡੇ 'ਤੇ ਕਰੈਸਰਾਂ ਦਾ ਮਾਲ ਢੋਹਣ ਵਾਲੇ ਟਿੱਪਰਾਂ ਵੱਲੋਂ ਜਮ੍ਹਾ ਕਰਵਾਈਆਂ ਗਈਆਂ। ਜਿਸ ਦੀ ਮਾਈਨਿੰਗ ਵਿਭਾਗ ਨੂੰ ਸ਼ੱਕ ਪੈਣ 'ਤੇ ਚੈਕਿੰਗ ਹੋਈ ਤਾਂ ਮਾਈਨਿੰਗ ਵਿਭਾਗ ਵੱਲੋਂ ਪਰਚੀਆਂ ਜਾਅਲੀ ਪਾਈਆਂ ਗਈਆਂ। ਉਨ੍ਹਾਂ ਕਿਹਾ ਕਿ ਪਿਛਲੇ 6 ਮਹੀਨੇ ਤੋਂ ਇਹ ਕਾਰੋਬਾਰ ਚੱਲ ਰਿਹਾ ਸੀ, ਜਿਸਦੇ ਕਾਰਨ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ।
ਸਰਕਾਰ ਦੀ ਚੁੱਪੀ 'ਤੇ ਚੁੱਕੇ ਸਵਾਲ: ਨਿਮਿਸ਼ਾ ਮਹਿਤਾ ਨੇ ਆਰੋਪ ਲਗਾਇਆ ਕਿ 12 ਕਰੈਸ਼ਰਾਂ ਨੂੰ ਇਹ ਪਰਚਿਆਂ ਵੇਚਿਆਂ ਗਈਆਂ ਹਨ ਪਰ ਵਿਭਾਗ ਵੱਲੋ ਸਿਰਫ਼ ਇੱਕ ਕਰੈਸ਼ਰ ਦੇ ਖ਼ਿਲਾਫ਼ ਪਿਛਲੇ 15 ਦਿਨ ਪਹਿਲਾਂ ਐਫ.ਆਈ.ਆਰ ਦਰਜ਼ ਕਰਕੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਇਆ ਜਾ ਰਿਹਾ ਹੈ। ਸਰਕਾਰੀ ਖਜ਼ਾਨੇ ਨਾਲ ਕਰੋੜਾਂ ਰੁਪਏ ਦੇ ਹੋਏ ਇਸ ਘਪਲੇ ਬਾਰੇ ਨਾ ਤਾਂ ਸਰਕਾਰ ਦਾ ਕੋਈ ਨੁਮਾਇੰਦਾ ਬੋਲਿਆ ਹੈ ਅਤੇ ਨਾ ਹੀ ਕੋਈ ਅਫ਼ਸਰ ਹੀ ਮੂੰਹ ਖੋਲ੍ਹਣ ਨੂੰ ਤਿਆਰ ਹੈ। ਜਿਸ ਤੋਂ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਹੇਤਿਆਂ ਵੱਲੋਂ ਹੀ ਠੱਗੀ ਸਰਕਾਰੀ ਖ਼ਜ਼ਾਨੇ ਨਾਲ ਕੀਤੀ ਗਈ ਹੈ । ਉਨ੍ਹਾਂ ਆਖਿਆ ਕਿ ਕੋਈ ਵੱਡੀ ਗੱਲ ਨਹੀਂ ਹੋਵੇਗੀ ਕਿ ਇਸ ਵਿੱਚ ਕਿਸੇ ਵੱਡੇ ਨਾਮਵਰ ਨੇਤਾ ਦੀ ਵੀ ਸਮੂਲੀਅਤ ਹੋਵੇ ਕਿਉਂਕਿ ਇਸ ਮਾਮਲੇ ਦੀਆਂ ਜੜ੍ਹਾਂ ਗੜ੍ਹਸ਼ੰਕਰ ਦੇ ਵਿੱਚ ਲੱਗੀਆਂ ਹੋਈਆਂ ਹਨ। ਨਿਮਿਸ਼ਾ ਮਹਿਤਾ ਨੇ ਸਰਕਾਰ ਅਤੇ ਅਫ਼ਸਰਾਂ ਦੀ ਚੁੱਪੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਘਪਲੇ ਦੀ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।