ਗੁਰਦਾਸਪੁਰ :14 ਫਰਵਰੀ 2019 ਨੂੰ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ਉੱਤੇ ਹੋਏ ਅੱਤਵਾਦੀ ਹਮਲੇ ਵਿੱਚ ਦੇਸ਼ ਦੇ 40 ਜਵਾਨਾਂ ਨੇ ਸ਼ਹੀਦੀ ਪਾਈ ਸੀ। ਇਨ੍ਹਾਂ ਜਵਾਨਾਂ ਵਿੱਚ ਜ਼ਿਲਾ ਗੁਰਦਾਸਪੁਰ ਦੇ ਕਸਬੇ ਦੀਨਾਨਗਰ ਦੇ ਰਹਿਣ ਵਾਲੇ ਮਨਿੰਦਰ ਸਿੰਘ ਵੀ ਸਨ। ਸ਼ਹੀਦ ਮਨਿੰਦਰ ਸਿੰਘ ਸੀਆਰਪੀਐਫ ਦੀ 75 ਬਟਾਲੀਅਨ ਵਿੱਚ ਤੈਨਾਤ ਸੀ। ਅੱਜ ਵੀ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਪੁਲਵਾਮਾ ਹਮਲੇ ਵਿੱਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੇ ਜਖਮ ਅਜੇ ਵੀ ਤਾਜੇ ਹਨ। ਸ਼ਹੀਦ ਮਨਿੰਦਰ ਦੇ ਪਰਿਵਾਰ ਨੇ ਕਿਹਾ ਪੁੱਤਰ ਦੀ ਸ਼ਹੀਦੀ ਉੱਤੇ ਮਾਣ ਹੈ। ਪਰ ਮਨਿੰਦਰ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ।
ਭਰਾ ਨੂੰ ਵੀ ਕਰਵਾਇਆ ਸੈਨਾ ਵਿੱਚ ਭਰਤੀ:ਸ਼ਹੀਦ ਮਨਿੰਦਰ ਸਿੰਘ ਦੇ ਘਰ ਪਹੁੰਚੀ ਈਟੀਵੀ ਭਾਰਤ ਦੀ ਟੀਮ ਨੇ ਦੇਖਿਆ ਕਿ ਸ਼ਹੀਦ ਦੇ ਬਜ਼ੁਰਗ ਪਿਤਾ ਸਤਪਾਲ ਅੱਤਰੀ ਤੋਂ ਇਲਾਵਾ ਉਸਦੇ ਭਰਾ ਅਤੇ ਭੈਣਾਂ ਸ਼ਹੀਦ ਦੀ ਤਸਵੀਰ ਨੂੰ ਸਿਜਦਾ ਕਰ ਰਹੇ ਸਨ। ਇਸ ਮੌਕੇ ਸ਼ਹੀਦ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਪਿਤਾ ਸਤਪਾਲ ਅੱਤਰੀ ਅਤੇ ਭਰਾ ਲਖਵਿੰਦਰ ਸਿੰਘ ਨੇ ਯਾਦਾਂ ਸਾਂਝੀਆਂ ਕੀਤੀਆਂ ਹਨ। ਸ਼ਹੀਦ ਦੀ ਭੈਣ ਲਵਲੀ ਨੇ ਕਿਹਾ ਕਿ ਸ਼ਹੀਦ ਮਨਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਹਰ ਕੰਮ ਵਿੱਚ ਅੱਗੇ ਸੀ। ਉਹਨਾਂ ਨੂੰ ਖੇਡਾਂ ਅਤੇ ਪੇਂਟਿੰਗ ਦਾ ਸ਼ੌਂਕ ਸੀ। ਦੇਸ਼ ਪ੍ਰਤੀ ਕੁਝ ਕਰਨ ਦਾ ਜਜ਼ਬਾ ਬਚਪਨ ਤੋਂ ਹੀ ਸੀ। ਇਸੇ ਕਾਰਨ ਦੇਸ਼ ਸੇਵਾ ਲਈ ਉਹਨਾਂ ਨੇ ਖੁਦ ਵੀ ਭਾਰਤੀ ਸੈਨਾ ਨੂੰ ਚੁਣਿਆ ਅਤੇ ਆਪਣੇ ਛੋਟੇ ਭਰਾ ਨੂੰ ਵੀ ਭਾਰਤੀ ਸੈਨਾ ਵਿਚ ਭਰਤੀ ਕਰਵਾਇਆ।