ਗੁਰਦਾਸਪੁਰ:ਜੰਮੂ-ਕਸ਼ਮੀਰ (Jammu and Kashmir) ਦੇ ਪੁੰਛ ਸੈਕਟਰ (Poonch sector) ਵਿੱਚ ਸੋਮਵਾਰ ਨੂੰ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਹੋਏ ਮੁਕਾਬਲੇ ਵਿੱਚ ਭਾਰਤੀ ਫੌਜ (Indian Army) ਦੇ ਪੰਜ ਜਵਾਨ ਸ਼ਹੀਦ ਹੋ ਗਏ ਸਨ। ਸ਼ਹੀਦਾਂ ‘ਚ ਜਵਾਨ ਤੇ ਇੱਕ ਇੱਕ ਜੂਨੀਅਰ ਕਮਿਸ਼ਨਡ ਅਫਸਰ ਸ਼ਾਮਲ ਹਨ। ਸ਼ਹੀਦ ਹੋਏ ਜਵਾਨਾਂ ਵਿੱਚ 3 ਜਵਾਨ ਪੰਜਾਬ ਦੇ ਹਨ। ਸ਼ਹੀਦ ਹੋਏ ਜਵਾਨਾਂ ਦੇ ਘਰਾਂ ਅਤੇ ਪਿੰਡਾਂ ’ਚ ਸੋਗ ਦੀ ਲਹਿਰ ਛਾਈ ਹੋਈ ਹੈ। ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।
ਦੱਸ ਦਈਏ ਕਿ ਸ਼ਹੀਦ ਹੋਏ ਤਿੰਨ ਜਵਾਨਾਂ ਚੋਂ ਇੱਕ ਜਵਾਨ ਗੁਰਦਾਸਪੁਰ (Gurdaspur) ਦੇ ਪਿੰਡ ਚੱਠਾ ਦਾ ਰਹਿਣ ਵਾਲਾ ਹੈ। ਜਿਸ ਦਾ ਨਾਂ ਮਨਦੀਪ ਸਿੰਘ ਹੈ। ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਹੋਏ ਮੁਕਾਬਲੇ ਵਿੱਚ ਸ਼ਹੀਦ ਹੋਏ ਮਨਦੀਪ ਸਿੰਘ (Mandeep Singh) ਦੀ ਉਮਰ ਤਕਰੀਬਨ 30 ਸਾਲਾਂ ਸੀ। ਦੱਸ ਦਈਏ ਕਿ ਸ਼ਹੀਦ ਮਨਦੀਪ ਸਿੰਘ ਆਪਣੇ ਪਿੱਛੇ ਅਪਣੀ ਵਿਧਵਾ ਬਜ਼ੁਰਗ ਮਾਤਾ ਮਨਜੀਤ ਕੌਰ, ਪਤਨੀ ਮਨਦੀਪ ਕੌਰ ਅਤੇ ਦੋ ਪੁੱਤਰ ਛੱਡ ਗਿਆ ਹੈ। ਸ਼ਹੀਦ ਮਨਦੀਪ ਸਿੰਘ ਦਾ ਇਕ ਪੁੱਤਰ ਮੰਤਾਜ ਸਿੰਘ 4 ਸਾਲ ਅਤੇ ਦੂਜਾ ਪੁੱਤਰ ਗੁਰਕੀਰਤ ਸਿੰਘ ਹਜੇ ਸਿਰਫ 39 ਦਿਨ ਦਾ ਹੈ। ਮਨਦੀਪ ਸਿੰਘ ਦੇ ਘਰ ਕੁਝ ਦਿਨ ਪਹਿਲਾਂ ਹੀ ਖੁਸ਼ੀਆਂ ਆਇਆਂ ਸੀ। ਇਨ੍ਹਾਂ ਹੀ ਨਹੀਂ 16 ਅਕਤੂਬਰ ਨੂੰ ਮਨਦੀਪ ਸਿੰਘ ਦਾ ਜਨਮਦਿਨ ਵੀ ਸੀ। ਪਰ ਉਸ ਤੋਂ ਪਹਿਲਾਂ ਹੀ ਘਰ ਚ ਸੋਗ ਛਾ ਗਿਆ।
ਵਧੀਆ ਖਿਡਾਰੀ ਸੀ ਮਨਦੀਪ ਸਿੰਘ
ਇਸ ਦੌਰਾਨ ਚਚੇਰੇ ਭਰਾ ਗੁਰਮੁਖ ਸਿੰਘ ਅਤੇ ਪਿੰਡ ਵਾਸੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਮਨਦੀਪ ਸਿੰਘ ਇੱਕ ਬਹੁਤ ਵਧਿਆ ਫ਼ੁੱਟਬਾਲ ਅਤੇ ਬਾਸਕਟ ਬਾਲ ਦਾ ਵਧੀਆ ਖਿਡਾਰੀ ਸੀ। ਮਨਦੀਪ ਸਿੰਘ ਨੂੰ ਅਸੀਂ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਪਰ ਸਾਨੂੰ ਬਹੁਤ ਮਾਣ ਹੈ ਕਿ ਮਨਦੀਪ ਸਿੰਘ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ।
'ਸਾਡੇ ਪਿੰਡ ਸ਼ਹੀਦ ਦੇ ਨਾਂ ਨਹੀਂ ਕੋਈ ਗੇਟ'
ਗੱਲਬਾਤ ਦੌਰਾਨ ਪਰਿਵਾਰਿਕ ਮੈਂਬਰਾਂ (Mandeep Singh Family Members) ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਮਨਦੀਪ ਸਿੰਘ ਦਾ ਫੋਨ ਆਇਆ ਸੀ ਅਤੇ ਉਹ ਬਹੁਤ ਖੁਸ਼ ਸੀ। ਉਸ ਦੌਰਾਨ ਮਨਦੀਪ ਸਿੰਘ ਨੇ ਵੀਡੀਓ ਕਾਲ ਰਾਹੀਂ ਵੀ ਗੱਲ ਕੀਤੀ ਸੀ। ਉਸ ਸਮੇਂ ਮਨਦੀਪ ਇਕ ਪਹਾੜੀ ਉੱਤੇ ਚੜ੍ਹਿਆ ਹੋਇਆ ਸੀ। ਮਨਦੀਪ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਸ਼ਹੀਦ ਦੇ ਨਾਂ ਦਾ ਕੋਈ ਗੇਟ ਨਹੀਂ ਹੈ। ਇਹ ਗੱਲ ਉਹ ਹਰ ਸਮੇਂ ਕਹਿੰਦਾ ਸੀ ਪਿੰਡ ਆਉਂਦੇ ਵੀ ਅਤੇ ਫੋਨ ’ਤੇ ਗੱਲਬਾਤ ਕਰਦੇ ਹੋਏ ਵੀ।