ਫਿਰੋਜ਼ਪੁਰ: ਪੰਜਾਬ ਦੇ ਸਰਹੱਦੀ ਖੇਤਰਾਂ 'ਚ ਆਏ ਦਿਨ ਪਾਕਿਸਤਾਨ ਵੱਲੋਂ ਨਸ਼ੇ ਦੀ ਖੇਪ ਤੇ ਹਥਿਆਰ ਆਦਿ ਸੁੱਟੇ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਪਰ ਭਾਰਤੀ ਫੌਜ ਤੇ ਸੁਰੱਖਿਆ ਬਲਾਂ ਵੱਲੋਂ ਲਗਾਤਾਰ ਪਾਕਿ ਦੀਆਂ ਨਾਪਾਕ ਹਰਕਤਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸੇ ਤਰ੍ਹਾਂ ਹੀ ਭਾਰਤ-ਪਾਕਿਸਤਾਨ ਸਰਹੱਦ ’ਤੇ ਬੀਤੀ ਰਾਤ ਬੀਐਸਐਫ ਦੇ ਜਵਾਨਾਂ ਨੇ ਸਰਹੱਦ ’ਤੇ ਹਲਚਲ ਵੇਖੀ। ਤਲਾਸ਼ੀ ਅਭਿਆਨ ਚਲਾਉਣ ਦੌਰਾਨ ਬੀਐੱਸਐਫ ਦੇ ਜਵਾਨਾਂ ਨੇ ਤਿੰਨ ਪਾਕਿਸਤਾਨੀ ਨਸ਼ਾ ਤਸਕਰਾਂ ਨੂੰ ਵੇਖਣ ’ਤੇ ਉਨ੍ਹਾਂ ’ਤੇ ਗੋਲੀਬਾਰੀ ਕੀਤੀ।
ਮਿਲੀ ਜਾਣਕਾਰੀ ਮੁਤਾਬਿਕ ਪਾਕਿਸਤਾਨੀ ਨਸ਼ਾ ਤਸਕਰ ਬੀਓਪੀ ਸੱਤਪਾਲ ਚੌਂਕੀ ਦੇ ਜਰੀਏ ਦਾਖਿਲ ਹੋ ਰਿਹਾ ਸੀ ਜਿਸ ਨੂੰ ਬੀਐਸਐਫ ਦੇ ਜਵਾਨਾਂ ਨੇ ਗ੍ਰਿਫਤਾਰ ਕਰਨਾ ਚਾਹਿਆ ਤਾਂ ਉਹ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਜਿਸ ’ਤੇ ਬੀਐਸਐਫ ਜਵਾਨਾਂ ਨੇ ਉਸਦੇ ਖੱਬੇ ਪੱਟ ’ਤੇ ਗੋਲੀਆਂ ਮਾਰੀਆਂ ਗਈਆਂ। ਜਿਸ ਨੂੰ ਜ਼ਖਮੀ ਹਾਲਤ ਚ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਫਿਲਹਾਲ ਉਹ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਖੇ ਇਲਾਜ਼ ਅਧੀਨ ਹੈ।