ਸ੍ਰੀ ਫ਼ਤਿਹਗੜ੍ਹ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਮੀਟਿੰਗ ਦੀ ਅਗੁਵਾਈ ਕਰਦਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ 23 ਅਕਤੂਬਰ ਨੂੰ ਪਹੁੰਚਣ 'ਤੇ ਭਰਵਾਂ ਤੇ ਨਿੱਘਾ ਸਵਾਗਤ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ, ਰਾਗੀਆਂ, ਢਾਡੀ ਸਿੰਘਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਮੀਟਿੰਗ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਸ ਨਗਰ ਕੀਰਤਨ ਦੇ ਸਵਾਗਤ ਨੂੰ ਮੁੱਖ ਰੱਖਦਿਆਂ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਪੇਸ਼ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਾ ਕੇ ਸੰਗਤਾਂ ਨੂੰ ਨਗਰ ਕੀਰਤਨ ਦੇ 23 ਅਕਤੂਬਰ ਨੂੰ ਸਵਾਗਤ 'ਤੇ 24 ਅਕਤੂਬਰ ਨੂੰ ਰਵਾਨਗੀ ਸਮੇਂ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨ ਲਈ ਅਪੀਲ ਕੀਤੀ ਜਾਵੇ।
ਆਗੂਆਂ ਨੇ ਕਿਹਾ ਕਿ 23 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ, ਪਟਿਆਲਾ ਤੋਂ ਆਰੰਭ ਹੋ ਕੇ ਇਹ ਵਿਸ਼ਾਲ ਨਗਰ ਕੀਰਤਨ ਪਿੰਡ ਬਾਰਨ, ਹਰਦਾਸਪੁਰਾ, ਫੱਗਣ ਮਾਜਰਾ, ਨੰਦਪੁਰ ਕੇਸ਼ੋ, ਗੁਣੀਆ ਮਾਜਰਾ, ਜਖ਼ਵਾਲੀ, ਨੌਲੱਖਾ, ਰੁੜਕੀ, ਖਰੋੜਾ, ਆਦਮਪੁਰ, ਮਾਧੋਪੁਰ, ਜੀ.ਟੀ ਰੋਡ, ਬਾੜਾ ਤੋਂ ਨਵਾਂ ਬੱਸ ਸਟੈਂਡ, ਰੇਲਵੇ ਪੁਲ, ਚੁੰਗੀ ਨੰਬਰ 4, ਜੋਤੀ ਸਰੂਪ ਮੋੜ ਤੋਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਪਹੁੰਚੇਗਾ। ਇੱਥੇ ਰਾਤੀ ਵਿਸ਼ਰਾਮ ਕਰਨ ਉਪਰੰਤ ਆਪਣੇ ਅਗਲੇ ਪੜਾਅ ਲਈ ਸਵੇਰ ਨੂੰ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਨੇੜਲੇ ਪਿੰਡਾਂ ਤੋਂ ਸੰਗਤ ਨੂੰ ਨਗਰ ਕੀਰਤਨ ਦੇ ਦਰਸ਼ਨ ਕਰਵਾਉਣ ਦੀ ਸਹੂਲਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਸਾਂ ਦਾ ਵੀ ਖ਼ਾਸ ਤੌਰ 'ਤੇ ਇੰਤਜ਼ਾਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਹੋ ਜਾਓ ਤਿਆਰ ਆ ਗਏ ਕਰਤਾਰਪੁਰ ਜਾਣ ਲਈ ਫ਼ਾਰਮ
ਉਨ੍ਹਾਂ ਦੱਸਿਆ ਕਿ 23 ਅਕਤੂਬਰ ਨੂੰ ਰਾਤੀਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਵਿਸ਼ਰਾਮ ਕਰਨ ਉਪਰੰਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਸਵੇਰੇ 9 ਵਜੇ ਆਰੰਭ ਹੋਵੇਗਾ ਤੇ ਤਲਾਣੀਆਂ, ਬਹਾਦਰਗੜ੍ਹ, ਬੱਸੀ ਪਠਾਣਾ, ਧੁੰਦਾ ਤੇ ਹਾਜ਼ੀਪੁਰ, ਲੁਹਾਰੀ ਕਲਾਂ, ਲੁਹਾਰ ਮਾਜਰਾ ਖ਼ੁਰਦ, ਸੰਘੋਲ, ਰਾਣਵਾ, ਗੁਰਦੁਆਰਾ ਸ੍ਰੀ ਗੋਬਿੰਦਗੜ੍ਹ ਸਾਹਿਬ, ਖਮਾਣੋਂ, ਮੰਡੇਰਾ, ਲਖਣਪੁਰ ਗੇਟ ਤੇ ਜਟਾਣਾ ਤੋਂ ਹੁੰਦਾ ਹੋਇਆ, ਅਗਲੇ ਪੜਾਅ ਲਈ ਗੁਜ਼ਰੇਗਾ। ਉਨ੍ਹਾਂ ਕਿਹਾ ਕਿ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਧ ਤੋਂ ਵੱਧ ਸੰਗਤਾਂ ਨੂੰ 3 ਹਜ਼ਾਰ ਦੇ ਲਗਭਗ ਕਾਰਡ ਵੱਖ ਵੱਖ ਸਮਾਜਿਕ ਰਾਜਸੀ ਅਤੇ ਧਾਰਮਿਕ ਸੰਸਥਾਵਾਂ ਨੂੰ ਸੱਦੇ ਲਈ ਪੱਤਰ ਭੇਜੇ ਗਏ ਹਨ ਅਤੇ ਪਿੰਡਾਂ ਵਿੱਚ ਖ਼ਾਸ ਅਨਾਊਂਸਮੈਂਟ ਵੀ ਕਰਵਾਈ ਜਾਵੇਗੀ ਤਾਂ ਜੋ ਸੰਗਤਾਂ ਤੱਕ ਇਸ ਸੰਦੇਸ਼ ਨੂੰ ਪਹੁੰਚਾਇਆ ਜਾ ਸਕੇ।