ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਆਗੂਆਂ ਨੇ ਸਰਕਾਰ 'ਤੇ ਚੁੱਕੇ ਸਵਾਲ ਫ਼ਰੀਦਕੋਟ: ਪੰਜਾਬ 'ਚ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਪਰਿਵਾਰ ਅੱਜ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਇਸ ਘਟਨਾ ਨੂੰ ਬੀਤਿਆਂ ਕਰੀਬ ਅੱਠ ਸਾਲ ਦਾ ਸਮਾਂ ਹੋ ਚੁੱਕਿਆ ਪਰ ਹੁਣ ਤੱਕ ਉਨ੍ਹਾਂ ਨੂੰ ਕਿਸੇ ਵੀ ਸਰਕਾਰ ਤੋਂ ਇਨਸਾਫ਼ ਨਹੀਂ ਮਿਲ ਸਕਿਆ। ਇਸ ਵਿਚਾਲੇ ਪੰਜਾਬ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਕਈ ਐਸਆਈਟੀ ਦਾ ਗਠਨ ਵੀ ਕੀਤਾ ਗਿਆ। ਜਿਸ 'ਚ ਮਾਨ ਸਰਕਾਰ ਵਲੋਂ ਵੀ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਨੂੰ ਲੈਕੇ ਇਨਸਾਫ਼ ਦਿਵਾਉਣ ਦੇ ਦਾਅਵੇ ਕੀਤੇ ਗਏ ਸੀ, ਜਿੰਨ੍ਹਾਂ ਨੂੰ ਲੈਕੇ ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਆਗੂਆਂ ਨੇ ਕਈ ਸਵਾਲ ਚੁੱਕੇ ਹਨ।
ਸਰਕਾਰ ਦਾ ਦੋਹਰਾ ਮਾਪਦੰਡ : ਇਸ ਸਬੰਧੀ ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਆਗੂ ਸੁਖਰਾਜ ਸਿੰਘ ਅਤੇ ਉਨ੍ਹਾਂ ਦੇ ਵਕੀਲ ਹਰਪਾਲ ਸਿੰਘ ਖਾਰਾ ਮੀਡੀਆ ਦੇ ਸਾਹਮਣੇ ਆਏ। ਜਿਸ 'ਚ ਉਨ੍ਹਾਂ ਦਾ ਕਹਿਣਾ ਕਿ ਅੱਜ ਮਾਣਯੋਗ ਅਦਾਲਤ ਵਿੱਚ ਤਰੀਕ 'ਤੇ ਆਏ ਸੀ ਕਿਉਂਕਿ ਉਨ੍ਹਾਂ ਵੱਲੋ ਇੱਕ ਅਰਜੀ ਲਗਾਈ ਗਈ ਸੀ ਕਿ ਸਾਡੇ ਗਵਾਹਾਂ ਦੇ ਬਿਆਨ ਲੈ ਲਏ ਜਾਣ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਨਾਲ ਦੋਹਰਾ ਮਾਪਦੰਡ ਰੱਖ ਰਹੀ ਹੈ।
ਮੰਤਰੀ ਧਾਲੀਵਾਲ ਵਾਅਦਾ ਕਰਕੇ ਹਟਿਆ ਪਿੱਛੇ:ਇਸ ਮੌਕੇ ਵਕੀਲ ਹਰਪਾਲ ਸਿੰਘ ਖਾਰਾ ਦਾ ਕਹਿਣਾ ਕਿ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਜੋ ਸਾਡੇ ਨਾਲ 4 ਮਾਰਚ ਨੂੰ ਵਾਅਦਾ ਕਰਕੇ ਗਏ ਸੀ ਕਿ ਅਸੀਂ 31 ਮਾਰਚ ਤੱਕ ਮਾਮਲੇ ਦਾ ਚਲਾਨ ਪੇਸ਼ ਕਰ ਦੇਵਾਂਗੇ ਤੇ ਕੋਈ ਦਿੱਕਤ ਆਉਂਦੀ ਹੈ ਤਾਂ ਉਨ੍ਹਾਂ ਨੂੰ ਫੋਨ ਕਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਕਈ ਮਹੀਨਿਆਂ ਤੋਂ ਮੰਤਰੀ ਧਾਲੀਵਾਲ ਅਤੇ ਉਨ੍ਹਾਂ ਦੇ ਪੀਏ ਨੂੰ ਫੋਨ ਕਰ ਚੁੱਕੇ ਹਨ ਪਰ ਉਨ੍ਹਾਂ ਵਲੋਂ ਹੁਣ ਫੋਨ ਚੁੱਕਣਾ ਵੀ ਠੀਕ ਨਹੀਂ ਸਮਝਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਮੰਤਰੀ ਧਾਲੀਵਾਲ ਨੇ ਸਿਰਫ਼ ਇੱਕ ਵਾਰ ਫੋਨ ਚੱਕਿਆ ਤੇ ਹੁਣ ਗੱਲ ਤੱਕ ਨਹੀਂ ਕੀਤੀ ਜਾ ਰਹੀ।
ਜਾਂਚ ਨੂੰ ਪ੍ਰਭਾਵਿਤ ਕਰ ਰਿਹਾ ਕੁੰਵਰਵਿਜੇ ਪ੍ਰਤਾਪ: ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਵੀ ਬੇਲੋੜੀ ਇਸ ਮਾਮਲੇ 'ਚ ਦਖ਼ਲ ਅੰਦਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਸਰਕਾਰ ਦਾ ਦੋਹਰਾ ਚਿਹਰਾ ਨੰਗਾ ਹੋ ਗਿਆ ਹੈ। ਵਕੀਲ ਖਾਰਾ ਦਾ ਕਹਿਣਾ ਕਿ ਕੁੰਵਰ ਵਿਜੇ ਪ੍ਰਤਾਪ ਵਲੋਂ ਅਦਾਲਤ 'ਚ ਸਾਡੇ ਖਿਲਾਫ਼ ਐਪਲੀਕੇਸ਼ਨ ਦੇ ਕੇ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਸ਼ਾਇਦ ਕਦੇ ਇਨਸਾਫ਼ ਮਿਲ ਹੀ ਨਹੀਂ ਸਕਦਾ। ਵਕੀਲ ਦਾ ਕਹਿਣਾ ਕਿ ਸਰਕਾਰਾਂ ਸਦਾ ਨਹੀਂ ਰਹਿੰਦੀਆਂ, ਇਸ ਲਈ ਸੂਬਾ ਸਰਕਾਰ ਨੂੰ ਚਾਹੀਦਾ ਕਿ ਸੁਕਰਾਜ ਸਿੰਘ ਨੂੰ ਇਨਸਾਫ਼ ਦਿੱਤਾ ਜਾਵੇ।
ਸਰਕਾਰ ਨੇ ਨਹੀਂ ਪੇਸ਼ ਕੀਤਾ ਚਲਾਨ: ਉਥੇ ਹੀ ਸੁਖਰਾਜ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਮਾੜੀ ਗੱਲ ਹੈ ਕੇ ਜਲਦੀ ਚਲਾਨ ਪੇਸ਼ ਕਰਕੇ ਇਨਸਾਫ ਦੇਣ ਦੇ ਵਾਅਦੇ ਕਰਨ ਵਾਲੀ ਸਰਕਾਰ ਅਜੇ ਤੱਕ ਵੀ ਚਲਾਨ ਪੇਸ਼ ਨਹੀਂ ਕਰ ਸਕੀ। ਸਾਨੂੰ ਉਹ ਚਲਾਨ ਪੇਸ਼ ਕਰਵਾਉਣ ਲਈ ਅਦਾਲਤ ਦਾ ਦਰਵਾਜਾ ਖੜਕਾਉਣਾ ਪਿਆ, ਪਰ ਉਨ੍ਹਾਂ ਵਿਚ ਹੁਣ ਕੁੰਵਰਵਿਜੇ ਪ੍ਰਤਾਪ ਦਖ਼ਲਅੰਦਾਜ਼ੀ ਕਰ ਰਿਹਾ, ਜਿਸ ਕਾਰਨ ਦੇਰੀ ਹੋ ਰਹੀ ਹੈ।
ਵੱਡਾ ਐਕਸ਼ਨ ਲੈਣ ਲਈ ਹੋਣਾ ਪਵੇਗਾ ਮਜ਼ਬੂਰ: ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਅਪੀਲ ਵੀ ਕਰਦੇ ਹਾਂ ਕਿ ਤੇ ਮੰਗ ਪੱਤਰ ਵੀ ਦੇਵਾਂਗੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਸ ਉਪਰੰਤ ਇਨਸਾਫ ਦੀ ਮੰਗ ਕਰਦਿਆਂ ਇਹ ਘਟਨਾ ਵਾਪਰੀ ਹੈ, ਜਿਸ 'ਚ ਹੁਣ ਤੱਕ ਇਨਸਾਫ਼ ਨਹੀਂ ਮਿਲਿਆ, ਜਿਸ 'ਤੇ ਕੇਂਦਰ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਦੋਂ ਕੋਟਕਪੂਰਾ ਦਾ ਚਲਾਨ ਪੇਸ਼ ਕੀਤਾ ਸੀ ਤਾਂ ਲੋਕਾਂ ਨੇ ਸ਼ਲਾਘਾ ਵੀ ਕੀਤੀ ਸੀ ਪਰ ਜਿਥੇ ਦੋ ਲੋਕਾਂ ਦੀ ਮੌਤ ਹੋਈ ਸੀ,ਉਥੋਂ ਦਾ ਚਲਾਨ ਹੁਣ ਤੱਕ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਇਨਸਾਫ਼ ਦੇਣ ਦੀ ਥਾਂ ਟਾਈਮ ਪਾਸ ਕਰ ਰਹੀ ਹੈ, ਜਿਸ 'ਤੇ ਉਨ੍ਹਾਂ ਨੂੰ ਪੰਜਾਬ ਦੀ ਸੰਗਤ ਨਾਲ ਸਲਾਹ ਕਰਕੇ ਵੱਡਾ ਪ੍ਰੋਗਰਾਮ ਉਲੀਕਣ ਲਈ ਮਜ਼ਬੂਰ ਹੋਣਾ ਪਵੇਗਾ।