ਚੰਡੀਗੜ੍ਹ: 550ਵੇਂ ਪ੍ਰਕਾਸ ਪੁਰਬ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਸਬੰਧੀ 'ਗੁਰੂ ਨਾਨਕ: ਪਰੰਪਰਾ, ਸਮਕਾਲ ਅਤੇ ਵਿਸਵ ਦ੍ਰਿਸਟੀ' ਵਿਸ਼ੇ ਉਤੇ ਕਰਵਾਏ ਜਾ ਰਹੇ ਡੇਰਾ ਬਾਬਾ ਨਾਨਕ ਸਾਹਿਤ ਉਤਸਵ ਤਹਿਤ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਪਾਤਰ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਇਕ ਅਕਾਲ ਪੁਰਖ ਦਾ ਸਿਧਾਂਤ ਦਿੰਦਿਆਂ ਬਾਣੀ ਦੇ ਵਿੱਚ ਕੁਦਰਤ ਨੂੰ ਬਹੁਤ ਅਹਿਮੀਅਤ ਦਿੱਤੀ ਅਤੇ ਛੋਟੇ ਛੋਟੇ ਕੁਦਰਤੀ ਵਰਤਾਰਿਆਂ ਦੀਆਂ ਉਦਾਹਰਨਾਂ ਬਾਣੀ ਵਿੱਚ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਬਾਣੀ ਵਿੱਚ ਮਨੁੱਖ ਨੂੰ ਸੰਬੋਧਨ ਹੋ ਕੇ ਜਿੱਥੇ ਇਕ ਸੱਚਿਆਰ ਮਨੁੱਖ ਦੀ ਘਾੜਤ ਘੜਨ ਦਾ ਉਪਰਾਲਾ ਕੀਤਾ ਹੈ, ਉਥੇ ਗਰੀਬਾਂ ਅਤੇ ਲਤਾੜਿਆਂ ਨੂੰ ਸੰਭਾਲਿਆਂ ਅਤੇ ਸੁਚੱਜੀ ਜੀਵਨ ਜਾਚ ਬਖ਼ਸੀ। ਇਸ ਦੇ ਨਾਲ ਨਾਲ ਗੁਰੂ ਸਾਹਿਬ ਨੇ ਉਸ ਵੇਲੇ ਦੀਆਂ ਘਟਨਾਵਾਂ ਦਾ ਵੇਰਵਾ ਦੇ ਕੇ ਉਸ ਵੇਲੇ ਦੇ ਸਮਾਜਕ ਹਲਾਤ ਦਾ ਵਰਨਣ ਕੀਤਾ ਅਤੇ ਉਨ੍ਹਾਂ ਘਟਨਾਵਾਂ ਦੇ ਵਾਪਰਨ ਦੇ ਕਾਰਨ ਦੱਸਦਿਆਂ ਸੱਚ ਨਾਲ ਜੁੜਨ ਦਾ ਸੁਨੇਹਾ ਦਿੱਤਾ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਉਪ ਕੁਲਪਤੀ ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਮਾਜ ਨੂੰ ਜਿਹੜੀਆਂ ਰੂੜਵਾਦੀ ਵਿਚਾਰਧਾਰਾ ਤੇ ਵਹਿਮਾਂ ਭਰਮਾਂ ਵਿੱਚੋਂ ਕੱਢਿਆ ਸੀ, ਉਹ ਰੂੜੀਵਾਦੀ ਵਿਚਾਰ ਧਾਰਾ ਇਸ ਵੇਲੇ ਸਮਾਜ ਉੇਤੇ ਮੁੜ ਭਾਰੂ ਹੁੰਦੀਆਂ ਜਾ ਰਹੀਆਂ ਹਨ ਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰ ਕੇ ਸਮਾਜ ਨੂੰ ਸਹੀ ਸੇਧ ਦੇਣ ਦੀ ਲੋੜ ਹੈ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਰਤਨ ਸਿੰਘ ਜੱਗੀ ਨੇ ਕਿਹਾ ਕਿ ਅੱਜ ਲੋੜ ਹੈ ਕਿ ਮਨੁੱਖ ਗੁਰਬਾਣੀ ਤੋਂ ਸੇਧ ਲੈ ਕੇ ਇਕ ਸੱਚਾ ਮਨੁੱਖ ਬਣੇ ਅਤੇ ਸਮਾਜ ਵਿੱਚ ਵੱਖ ਵੱਖ ਆਧਾਰ ਤੇ ਪਈਆਂ ਵੰਡੀਆਂ ਨੂੰ ਖਤਮ ਕਰ ਕੇ ਇਕ ਸਾਂਝੇ ਤੇ ਸੋਹਣੇ ਸਮਾਜ ਦੀ ਸਿਰਜਣਾ ਕੀਤੀ ਜਾਵੇ।
ਇਸ ਮੌਕੇ ਡਾ.ਆਤਮਜੀਤ ਸਿੰਘ, ਡਾ. ਜਗਮੀਤ ਸਿੰਘ,ਮਨਮੋਹਨ, ਸਾਦਿਕ ਅਲੀ, ਸੁਬੋਧ ਸਰਕਾਰ, ਡਾ. ਹਰਭਜਨ ਸਿੰਘ, ਸਚਿਨ ਕੇਤਕਰ, ਜਸਵੰਤ ਜਫਰ, ਪ੍ਰਦੁਮਨ ਸ਼ਾਹ, ਦੀਪਕ ਮਨਮੋਹਨ ਸਿੰਘ, ਸਮੇਤ ਵੱਡੀ ਗਿਣਤੀ ਸਾਹਿਤਕ ਸਖਸ਼ੀਅਤਾਂ ਹਾਜਰ ਸਨ।