ਪੰਜਾਬ

punjab

ETV Bharat / state

'ਆਪ' ਤੋਂ ਬਾਅਦ ਅਕਾਲੀਆਂ ਨੇ ਵਿਧਾਨ ਸਭਾ ਇਜਲਾਸ 'ਚ ਵਾਧਾ ਕਰਨ ਦੀ ਕੀਤੀ ਮੰਗ

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਨੂੰ ਵਧਾਉਣ ਦੀ ਮੰਗ ਕੀਤੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਕਿਹਾ ਇਸ ਸਬੰਧੀ ਅਕਾਲੀ ਦਲ ਮੰਗਲਵਾਰ ਨੂੰ ਸਪੀਕਰ ਨੂੰ ਪੱਤਰ ਸੌਂਪੇਗਾ।

ਫ਼ੋਟੋ

By

Published : Jul 29, 2019, 10:47 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਦੇ ਇਜਲਾਸ 'ਚ ਵਾਧਾ ਕਰਨ ਦੀ ਮੰਗ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਇਸ ਸਬੰਧੀ ਵਿਧਾਨ ਸਭਾ ਦੇ ਸਪੀਕਰ ਨੂੰ ਮੰਗਲਵਾਰ ਨੂੰ ਇੱਕ ਮੰਗ ਪੱਤਰ ਸੌਂਪੇਗਾ। ਸੂਬੇ ਅੰਦਰ ਵਿਗੜੀ ਅਮਨ ਤੇ ਕਾਨੂੰਨ ਦੀ ਹਾਲਤ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਰੋਜ਼ ਹੋ ਰਹੇ ਕਤਲਾਂ ਅਤੇ ਖੁਦਕੁਸ਼ੀਆਂ ਨੇ ਜੇਲ੍ਹਾਂ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਰਾਜਪੁਰਾ ਵਿਖੇ ਵਾਪਰੀ ਤਾਜ਼ਾ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੂਬੇ ਅੰਦਰ ਬੱਚਿਆਂ ਨੂੰ ਵੀ ਹੁਣ ਸ਼ਰੇਆਮ ਅਗਵਾ ਕੀਤਾ ਜਾ ਰਿਹਾ ਹੈ।

ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਇਜਲਾਸ 'ਚ ਕਿਸਾਨ ਕਰਜ਼ਾ ਮੁਆਫੀ ਦੇ ਮੁੱਦੇ ਨੂੰ ਵੀ ਉਠਾਏਗਾ। ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਬਣਾਉਣ ਮਗਰੋਂ ਉਹ ਆਪਣੇ ਵਾਅਦੇ ਤੋਂ ਮੁਕਰ ਗਏ ਹਨ। ਸੂਬਾ ਸਰਕਾਰ ਨੇ 2017-18 ਤੋਂ ਫ਼ਸਲੀ ਨੁਕਸਾਨ ਦਾ ਮੁਆਵਜ਼ਾ ਨਾ ਦੇ ਕੇ ਕਿਸਾਨਾਂ ਦੀ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ।

ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਰਿਆਣਾ ਸਰਕਾਰ ਦੀ ਤਰਜ 'ਤੇ ਕਿਸਾਨਾਂ ਦੀ ਮਦਦ ਲਈ 6 ਹਜ਼ਾਰ ਤੋਂ ਵਧਾ ਕੇ 9 ਹਜ਼ਾਰ ਕੀਤੇ ਜਾਣ ਦੀ ਮੰਗ ਕਰੇਗਾ। ਕੈਪਟਨ ਅਮਰਿੰਦਰ ਸਿੰਘ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਠੱਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇੱਕ ਝੂਠੀ ਪਾਰਟੀ ਹੈ, ਜਿਸ ਨੇ ਝੂਠੇ ਵਾਅਦੇ ਕਰਕੇ ਵੋਟਰਾਂ ਨੂੰ ਠੱਗਿਆ ਹੈ।

ਇਸ ਦੇ ਨਾਲ ਹੀ ਉਨ੍ਹਾਂ ਗ਼ੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਅਤੇ ਪਿਛਲੇ ਇੱਕ ਮਹੀਨੇ ਦੌਰਾਨ ਨਸ਼ਿਆਂ ਦੀ ਓਵਰਡੋਜ਼ ਨਾਲ 24 ਮੌਤਾਂ ਹੋ ਚੁੱਕੀਆਂ ਹਨ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਵਿਧਾਨ ਸਭਾ ਦਾ ਇਜਲਾਸ ਵਧਾਉਣ ਦਾ ਯਤਨ ਕਰੇਗਾ ਤਾਂ ਜੋ ਵੱਡੇ ਆਰਥਿਕ ਮੁੱਦਿਆਂ 'ਤੇ ਚਰਚਾ ਕਰਕੇ ਉਨ੍ਹਾਂ ਨੂੰ ਹੱਲ ਕੀਤਾ ਜਾ ਸਕੇ।

ABOUT THE AUTHOR

...view details