ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਸੂਬਾ ਸਰਕਾਰ ਨੂੰ ਜਿੱਥੇ ਹਰੇਕ ਵਰਗ ਨਾਲ ਸੰਬੰਧਿਤ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਰਾਸ਼ਨ ਸਣੇ ਹੋਰ ਲੋੜੀਂਦੀ ਵਸਤੂਆਂ ਨੂੰ ਪਹਿਲ ਦੇ ਅਧਾਰ 'ਤੇ ਮੁੱਹਈਆ ਕਰਵਾਉਣ 'ਤੇ ਜ਼ੋਰ ਦਿੱਤਾ ਹੈ, ਉੱਥੇ ਹੀ ਆਪ ਇਨ੍ਹਾਂ ਹਲਾਤਾਂ 'ਚ ਆਪਣੇ ਕਾਮਿਆਂ ਦੀ ਮਦਦ ਕਰਨ ਵਾਲੇ ਵਪਾਰੀਆਂ-ਕਾਰੋਬਾਰੀਆਂ ਨੂੰ ਧਾਰਾ 80C ਅਧੀਨ ਇਨਕਮ ਟੈਕਟ 'ਚ ਕਟੌਤੀ ਦੇਣ ਲਈ ਸਰਕਾਰ 'ਤੇ ਦਬਾਅ ਬਣਾ ਰਹੀ ਹੈ।
ਵਪਾਰੀਆਂ-ਕਾਰੋਬਾਰੀਆਂ ਤੇ ਸੰਸਥਾਵਾਂ ਨੂੰ ਧਾਰਾ 80C ਤਹਿਤ ਇਨਕਮ ਟੈਕਸ ‘ਚ ਛੋਟ ਦੇਵੇ ਸਰਕਾਰ- ਹਰਪਾਲ ਚੀਮਾ
ਆਮ ਆਦਮੀ ਪਾਰਟੀ ਨੇ ਕਾਰੋਬਾਰੀਆਂ, ਵਪਾਰੀਆਂ ਅਤੇ ਸੰਸਥਾਵਾਂ ਨੂੰ ਇਨਕਮ ਟੈਕਸ 'ਚ ਕਟੌਤੀ ਦੇਣ ਲਈ ਸੂਬਾ ਸਰਕਾਰ 'ਤੇ ਦਬਾਅ ਬਣਾਇਆ ਹੈ ਅਤੇ ਇਹ ਮੁੱਦੇ ਨੂੰ ਕੇਂਦਰ ਸਰਕਾਰ ਅੱਗੇ ਚੁੱਕਣ ਦੀ ਗੱਲ ਆਖੀ ਹੈ।
ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੋਵਿਡ-19 ਕਾਰਨ ਲੱਗੇ ਕਰਫਿਊ 'ਚ ਰੋਜ਼ ਕਮਾਉਣ ਅਤੇ ਰੋਜ਼ ਖਾਣ ਵਾਲੇ ਗ਼ਰੀਬਾਂ ਦਾ ਖ਼ਾਸ ਧਿਆਨ ਰੱਖਿਆ ਜਾਵੇ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਛੋਟੀ-ਮੋਟੀ ਪ੍ਰਾਈਵੇਟ ਨੌਕਰੀ ਅਤੇ ਮੱਧਵਰਗੀ ਪਰਿਵਾਰਾਂ ਲਈ ਦੋ ਡੰਗ ਦੀ ਰੋਟੀ ਦਾ ਪ੍ਰਬੰਧ ਕਰਨਾ ਔਖਾ ਹੋ ਰਿਹਾ ਹੈ।
‘ਆਪ’ ਆਗੂਆਂ ਨੇ ਕਿਹਾ ਕਿ ਸੂਬੇ ‘ਚ ਲੱਖਾਂ ਲੋਕ ਆਪਣੇ ਨੇੜੇਲੇ ਸ਼ਹਿਰਾਂ ‘ਚ ਕਰਿਆਨਾ, ਕੱਪੜੇ, ਹਾਰਡਵੇਅਰ, ਵਰਕਸ਼ਾਪ, ਪ੍ਰਾਈਵੇਟ ਦਫ਼ਤਰ, ਫ਼ੈਕਟਰੀਆਂ ਅਤੇ ਨਿੱਜੀ ਸਕੂਲਾਂ ਅਤੇ ਸੰਸਥਾਵਾਂ ‘ਚ ਡੇਲੀਵੇਜ ਨੌਕਰੀਆਂ ਕਰਦੇ ਹਨ। ਇਨ੍ਹਾਂ ‘ਚ ਵੱਡੀ ਤਾਦਾਦ ਜਨਰਲ ਵਰਗ ਨਾਲ ਸੰਬੰਧਿਤ ਲੋਕਾਂ ਦੀ ਵੀ ਹੈ, ਜੋ ਸਰਕਾਰੀ ਰਾਸ਼ਨ ਦੇ ਲਾਭਪਾਤਰੀ ਨਹੀਂ ਹਨ। ਇਸ ਲਈ ਸਰਕਾਰ ਨੂੰ ਇਨ੍ਹਾਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ।