ਚੰਡੀਗੜ੍ਹ:ਬੀਤੇ ਦਿਨੀ ਐੱਸਵਾਈਐੱਲ ਦੇ ਮੁੱਦੇ ਉੱਤੇ ਦੇਸ਼ ਦੀ ਸੁਪਰੀਮ ਅਦਾਲਤ ਨੇ ਪੰਜਾਬ ਸਰਕਾਰ ਨੂੰ ਤਿੱਖੇ ਸ਼ਬਦਾਂ ਵਿੱਚ ਝਾੜ ਪਾਈ ਅਤੇ ਕਿਹਾ ਕਿ ਸੂਬਿਆਂ ਦੀ ਸਿਆਸਤ ਲੋਕ ਹਿੱਤਾਂ ਤੋਂ ਵੱਡੀ ਨਹੀਂ ਹੈ। ਇਸ ਲਈ ਪੰਜਾਬ ਸਰਕਾਰ, ਕੇਂਦਰ ਦੀ ਐੱਸਵਾਈਐੱਲ ਨਹਿਰ ਦੀ ਸਮੀਖਿਆ ਰਿਪੋਰਟ (SYL Canal Review Report) ਬਣਾਉਣ ਵਿੱਚ ਮਦਦ ਕਰੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਖ਼ਤ ਫੈਸਲਾ ਵੀ ਲਿਆ ਜਾ ਸਕਦਾ ਹੈ। ਸੁਪਰੀਮ ਕੋਰਟ ਦੀ ਤਲਖ ਪ੍ਰਤੀਕਿਰਿਆ ਤੋਂ ਬਾਅਦ ਵਿਰੋਧਆਂ ਨੂੰ ਮੌਕਾ ਮਿਲ ਗਿਆ।
ਪੁਲਿਸ ਨੇ ਹਿਰਾਸਤ ਵਿੱਚ ਲਏ ਭਾਜਪਾ ਆਗੂ:ਇਸ ਮੌਕੇ ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਭਾਜਪਾ ਆਗੂਆਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਦੱਸ ਦਈਏ ਕਿ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਸਨ ਤਾਂ ਇਸੇ ਦੌਰਾਨ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਤੇ ਹਿਰਾਸਤ ਵਿੱਚ ਲੈ ਲਿਆ।
ਪੰਜਾਬ ਭਾਜਪਾ ਨੇ ਕੀਤੀ ਮੀਟਿੰਗ:ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ (BJP state president Sunil Jakhar) ਨੇ ਕੋਰ ਕਮੇਟੀ ਦੀ ਮੀਟਿੰਗ ਬੁਲਾਈ। ਮੀਟਿੰਗ ਮਗਰੋਂ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਇੱਕ ਵਾਰ ਫਿਰ ਪਾਣੀ ਦਾ ਭੂਚਾਲ ਆ ਗਿਆ ਹੈ ਅੱਜ ਇਸ ਮੁੱਦੇ ਉੱਤੇ ਮੀਟਿੰਗ ਵਿੱਚ ਚਰਚਾ ਕੀਤੀ ਗਈ। ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਕਾਰਵਾਈਆਂ ਕਾਰਨ ਹੀ ਐੱਸਵਾਈਐਲ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸਖ਼ਤ ਐਕਸ਼ਨ ਦੀ ਗੱਲ ਕੀਤੀ ਹੈ। ਇਸ ਮਾਮਲੇ 'ਚ 'ਆਪ' ਦੀ ਕੋਈ ਵੱਡੀ ਸਾਜ਼ਿਸ਼ ਜਾਪਦੀ ਹੈ। ਜਾਖੜ ਨੇ ਸਾਫ ਕਿਹਾ ਕਿ ਪੰਜਾਬ ਦੀਆਂ ਬਾਕੀ ਪਾਰਟੀਆਂ ਪਾਣੀਆਂ ਦੇ ਮੁੱਦੇ 'ਤੇ ਇਕਜੁੱਟ ਹਨ ਪਰ ਆਮ ਆਦਮੀ ਪਾਰਟੀ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿਚ ਕਮਜ਼ੋਰ ਕਰ ਰਹੀ ਹੈ।
'ਆਪ' ਸੁਪਰੀਮੋ ਉੱਤੇ ਇਲਜ਼ਾਮ:ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦਾ ਹਰਿਆਣਾ ਨਾਲ ਖ਼ਾਸ ਲਗਾਵ ਹੈ ਇਸ ਲਈ ਉਹ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਦਾ ਕੰਮ ਕਰ ਰਹੇ ਨੇ। ਅਸੀਂ ਸਾਰੇ ਮਿਲ ਕੇ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਜਾਣ ਦੇਵਾਂਗੇ। ਜਾਖੜ ਨੇ ਕਿਹਾ ਕਿ ਗੰਭੀਰ ਮੁੱਦੇ ਉੱਤੇ ਕਿਸੇ ਵੀ ਤਣਾਅ ਵਾਲੀ ਸਥਿਤੀ ਪੈਦਾ ਨਹੀਂ ਹੋਣ ਦੇਵਾਂਗੇ, ਪਰ ਸਭ ਨੂੰ ਸੁਚੇਤ ਰਹਿਣ ਦੀ ਲੋੜ ਹੈ।
ਰਾਜਪਾਲ ਨੂੰ ਮਿਲਿਆ ਅਕਾਲੀ ਦਲ ਦਾ ਵਫਦ:ਦੱਸ ਦਈਏ ਸੁਪਰੀਮ ਕੋਰਟ (Supreme Court) ਦੇ ਫੈਸਲੇ ਮਗਰੋਂ ਅਕਾਲੀ ਦਲ ਨੇ ਇਸ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਘੇਰਨ ਦੀ ਪਹਿਲਾਂ ਹੀ ਤਿਆਰੀ ਕਰ ਲਈ ਸੀ। ਅਕਾਲੀ ਦਲ ਦੇ ਵਫ਼ਦ ਨੇ ਜਿੱਥੇ ਪੰਜਾਬ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ, ਉੱਥੇ ਹੀ ਉਹ ਪੰਜਾਬ ਦੇ ਰਾਜਪਾਲ ਨੂੰ ਵੀ ਮਿਲੇ। ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਉੱਤੇ ਇਹ ਵੀ ਇਲਜ਼ਾਮ ਲਾਇਆ ਕਿ ਸਰਕਾਰ ਦੇ ਅਧਿਕਾਰੀ ਸ਼੍ਰੋਮਣੀ ਅਕਾਲੀ ਦਲ ਉੱਤੇ ਐੱਸਵਾਈਐੱਲ ਦਾ ਨਿਰਮਾਣ ਨਾ ਹੋਣ ਸਬੰਧੀ ਦੂਸ਼ਣਬਾਜ਼ੀ ਕਰ ਰਹੇ ਸਨ।
ਪੀਐੱਮ ਨੇ ਵੀ ਅਸਿੱਧੇ ਤੌਰ ਉੱਤੇ ਮਸਲੇ ਨੂੰ ਲੈਕੇ ਦਿੱਤਾ ਬਿਆਨ:ਰਾਜਸਥਾਨ ਵਿੱਚ ਰੈਲੀ ਦੌਰਾਨ ਸਮਾਗਮ ਨੂੰ ਸੰਬੋਧਨ ਕਰਦਿਆਂ (Prime Minister Narendra Modi) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਦੀਆਂ ਦਾ ਪਾਣੀ ਗੁਆਂਢੀ ਸੂਬਿਆਂ ਨੂੰ ਦੇਣਾ ਹੁਣ ਗੰਭੀਰ ਮੁੱਦਾ ਬਣ ਗਿਆ ਹੈ। ਭਾਰਤ 'ਚ ਪਾਣੀ ਪਿਲਾਉਣ ਨੂੰ ਪੁੰਨ ਮੰਨਿਆ ਜਾਂਦਾ ਹੈ। ਇੱਥੇ ਜੇਕਰ ਕਿਸੇ ਨੂੰ ਪਾਣੀ ਪਿਲਾਇਆ ਵੀ ਜਾਵੇ, ਤਾਂ ਉਹ ਵਿਅਕਤੀ ਲੰਮੇ ਸਮੇਂ ਤੱਕ ਯਾਦ ਰੱਖਦਾ ਹੈ। ਅਸਿਧੇ ਤੌਰ 'ਤੇ SYL ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੁਝ ਅਜਿਹੇ ਸੂਬੇ ਵੀ ਹਨ, ਜੋ ਇੱਕ ਦੂਜੇ ਨੂੰ ਇੱਕ ਬੂੰਦ ਵੀ ਪਾਣੀ ਦੇਣ ਲਈ ਤਿਆਰ ਨਹੀਂ ਹਨ। PM ਮੋਦੀ ਬੋਲੇ ਕਿ ਗੁਜਰਾਤ ਦਾ CM ਰਹਿੰਦੀਆਂ ਮੈਂ ਰਾਜਸਥਾਨ ਨੂੰ ਪਾਣੀ ਦਿੱਤਾ, ਮੈਂ ਰਾਜਸਥਾਨ ਨੂੰ 24 ਘੰਟੇ ਅੰਦਰ ਨਰਮਦਾ ਦਾ ਪਾਣੀ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਕਿਸਾਨਾਂ ਨੂੰ ਪਾਣੀ ਪਹੁੰਚਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸੂਬੇ ਇੱਕ-ਦੂਜੇ ਨਾਲ ਪਾਣੀ ਵੰਡਣ ਦੇ ਮੁੱਦੇ ਉੱਤੇ ਤਰੀਕੇ ਨਾਲ ਗੱਲ ਕਰਨ ਦੀ ਬਜਾਏ ਮਰਨ-ਮਾਰਨ ਉੱਤੇ ਉਤਾਰੂ ਹਨ।