ਚੰਡੀਗੜ੍ਹ :ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਨੂਹ ਹਿੰਸਾ ਦੇ ਮੁਲਜ਼ਮ ਮੋਨੂੰ ਮਾਨੇਸਰ ਦੀ ਇਕ ਵੀਡੀਓ ਕਾਲ ਕਲਿੱਪ ਨੇ ਜੇਲ੍ਹਾਂ ਵਿਚ ਅਮਨ ਕਾਨੂੰਨ ਦੇ ਪ੍ਰਬੰਧਾਂ ਨੂੰ ਇਕ ਵਾਰ ਮੁੜ ਤੋਂ ਸਵਾਲਾਂ ਦੇ ਕਟਿਹਰੇ ਵਿਚ ਖੜ੍ਹਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿਚੋਂ ਹੋਈ ਇੰਟਰਵਿਊ 'ਤੇ ਘਮਸਾਣ ਵੇਖਣ ਨੂੰ ਮਿਲਿਆ ਸੀ। ਜੇਲ੍ਹਾਂ ਵਿਚੋਂ ਫੋਨ ਅਤੇ ਨਸ਼ਿਆਂ ਦਾ ਮਿਲਣਾ ਆਮ ਵਰਤਾਰਾ ਹੈ ਪਰ ਗੈਂਗਸਟਰਾਂ ਨੂੰ ਮਿਲਦੀਆਂ ਸਹੂਲਤਾਂ ਜੇਲ੍ਹਾਂ ਦੇ ਪ੍ਰਬੰਧਾਂ ਦੀਆਂ ਧੱਜੀਆਂ ਉਡਾ ਰਹੀਆਂ ਹਨ। ਪੰਜਾਬ ਦੀਆਂ ਜੇਲ੍ਹਾਂ ਵਿਚੋਂ ਵੀ ਗੈਂਗਸਟਰਾਂ ਦੀ ਮੌਜ ਮਸਤੀ ਦੀਆਂ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ। ਸ਼ਰੇਆਮ ਜੇਲ੍ਹਾਂ ਦੇ ਗਲਿਆਰਿਆਂ ਵਿਚ ਮੌਜ ਮਸਤੀ ਕਰਦੇ ਗੈਂਗਸਟਰਾਂ ਨੂੰ ਕਾਨੂੰਨ ਦੀ ਕੋਈ ਪ੍ਰਵਾਹ ਨਹੀਂ। ਇਸ ਵੀਡੀਓ ਕਾਲ ਤੋਂ ਬਾਅਦ ਵੀ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਨੂੰ ਸ਼ੱਕੀ ਨਜ਼ਰਾਂ ਨਾਲ ਵੇਖਿਆ ਜਾ ਰਿਹਾ ਹੈ।
ਪੰਜਾਬ ਦੀ ਕਿਸੇ ਜੇਲ੍ਹ ਦੀ ਹੈ ਵੀਡੀਓ ?: ਇਸ ਵੀਡੀਓ ਕਾਲ ਨੂੰ ਲੈ ਕੇ ਪੰਜਾਬ ਵਿਚ ਸਿਆਸੀ ਪਾਰਾ ਵੀ ਸਿਖਰਾਂ 'ਤੇ ਹੈ ਅਤੇ ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ ਵੀ ਪੰਜਾਬ ਦੀ ਕਿਸੇ ਜੇਲ੍ਹ ਵਿਚ ਹੋਣ ਦੀ ਚਰਚਾ ਚੱਲ ਰਹੀ ਹੈ। ਹਾਲਾਂਕਿ ਆਈਜੀ ਜੇਲ੍ਹਾਂ ਵੱਲੋਂ ਸਥਿਤੀ ਸਪੱਸ਼ਟ ਕੀਤੀ ਅਤੇ ਲਾਰੈਂਸ ਬਿਸ਼ਨੋਈ ਦੇ ਪੰਜਾਬ ਵਿਚ ਹੋਣ ਤੋਂ ਇਨਕਾਰ ਕੀਤਾ। ਆਈਜੀ ਜੇਲ੍ਹ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਲਾਰੈਂਸ ਬਿਸ਼ਨੋਈ ਦੇ ਨਾਲ ਨਜ਼ਰ ਆ ਰਿਹਾ ਰਾਜੂ ਬਿਸੌਦੀ 25 ਜਨਵਰੀ 2021 ਤੋਂ 22 ਫਰਵਰੀ 2021 ਤੱਕ 28 ਦਿਨ ਮੁਕਤਸਰ ਸਾਹਿਬ ਜੇਲ੍ਹ ਵਿੱਚ ਬੰਦ ਸੀ। ਲਾਰੈਂਸ ਬਿਸ਼ਨੋਈ 2018 ਤੱਕ ਕੇਂਦਰੀ ਜੇਲ੍ਹ ਫਰੀਦਕੋਟ ਵਿੱਚ ਰਿਹਾ। ਇਸ ਤੋਂ ਬਾਅਦ ਉਹ ਦੂਜੇ ਰਾਜਾਂ ਦੀਆਂ ਜੇਲ੍ਹਾਂ ਵਿੱਚ ਰਿਹਾ ਅਤੇ 24 ਸਤੰਬਰ 2022 ਨੂੰ ਕੇਂਦਰੀ ਜੇਲ੍ਹ ਬਠਿੰਡਾ ਲਿਆਂਦਾ ਗਿਆ। ਉਸ ਨੂੰ 24 ਅਗਸਤ 2023 ਨੂੰ ਮੁੜ ਗੁਜਰਾਤ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਹ ਦੋਵੇਂ ਅਪਰਾਧੀ ਪੰਜਾਬ ਦੀ ਜੇਲ੍ਹ ਵਿੱਚ ਇਕੱਠੇ ਨਹੀਂ ਸਨ ਇਸ ਲਈ ਇਨ੍ਹਾਂ ਦੇ ਇਕੱਠੇ ਬੈਠ ਕੇ ਫੋਨ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਿਸ ਨਾਲ ਵੀਡੀਓ ਕਾਲ 'ਤੇ ਗੱਲ ਕੀਤੀ ਜਾ ਰਹੀ ਹੈ ਉਹ ਮੋਨੂੰ ਮਾਨੇਸਰ ਹਰਿਆਣਾ ਪੁਲਿਸ ਦੀ ਗ੍ਰਿਫ਼ਤ ਵਿਚ ਹੈ।
ਲਾਰੈਂਸ ਬਿਸ਼ਨੋਈ ਉੱਤੇ ਮਿਹਰਬਾਨ ਸਰਕਾਰ ?: ਲਾਰੈਂਸ ਬਿਸ਼ਨੋਈ ਜਾਂ ਕਿਸੇ ਹੋਰ ਖ਼ਤਰਨਾਕ ਅਪਰਾਧੀ ਦੀ ਸਾਹਮਣੇ ਆਈ ਇਹ ਕੋਈ ਪਹਿਲੀ ਵੀਡੀਓ ਨਹੀਂ ਹੈ। ਪਹਿਲਾਂ ਜੇਲ੍ਹਾਂ ਵਿਚ ਰਹੇ ਗੈਂਗਸਟਰਾਂ ਦੀਆਂ ਆਡੀਓ, ਵੀਡੀਓਜ਼ ਅਤੇ ਫੋਟੋਆਂ ਕਈ ਵਾਰ ਨਸ਼ਰ ਹੋ ਚੁੱਕੀਆਂ ਹਨ। ਸਵਾਲ ਇਹ ਹੈ ਕਿ ਅਜਿਹਾ ਹੋ ਕਿਉਂ ਰਿਹਾ ? ਕਿਉਂ ਕਾਨੂੰਨ ਅਤੇ ਜੇਲ੍ਹ ਦੇ ਪ੍ਰਬੰਧਾਂ ਤੋਂ ਗੈਂਗਸਟਰਾਂ ਨੂੰ ਡਰ ਨਹੀਂ ਲੱਗਦਾ ? ਜੇਕਰ ਇਸਦੀ ਘੋਖ ਕਰੀਏ ਤਾਂ ਦੋ ਤਿੰਨ ਪੱਖ ਸਾਹਮਣੇ ਆਉਂਦੇ ਹਨ ਜਿਹਨਾਂ ਵਿਚੋਂ ਸਭ ਤੋਂ ਪਹਿਲਾ ਜੇਲ੍ਹ ਤੰਤਰ ਦੀ ਕਮਜ਼ੋਰ ਕੜ੍ਹੀ ਹੋਣਾ ਸਾਹਮਣੇ ਆਉਂਦਾ ਹੈ। ਜਿੰਨੇ ਵੀ ਗੈਂਗਸਟਰ ਜਾਂ ਖ਼ਤਰਨਾਕ ਅਪਰਾਧੀ ਹਨ ਉਹ ਜੇਲ੍ਹਾਂ ਵਿਚ ਟੂਰਿਸਟਾਂ ਵਾਂਗੂ ਜਾਂਦੇ ਹਨ ਅਤੇ ਜੇਲ੍ਹਾਂ ਵਿਚ ਆਪਣੇ ਆਪ ਨੂੰ ਸੁਰੱਖਿਅਤ ਮੰਨਦੇ ਹਨ। ਜੇਲ੍ਹਾਂ ਵਿਚ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਜੈਮਰ ਲਗਾਏ ਗਏ ਤਾਂ ਇਹ ਤਕਨੀਕ ਭ੍ਰਿਸ਼ਟਾਚਾਰ ਦੇ ਹੱਥੇ ਚੜ੍ਹ ਗਈ।