ਪੰਜਾਬ

punjab

ETV Bharat / state

'ਕੋਰੋਨਾ ਮਰੀਜ਼ਾਂ ਤੋਂ ਵੱਧ ਪੈਸੇ ਵਸੂਲਣ ਵਾਲੇ ਪ੍ਰਾਈਵੇਟ ਹਸਪਤਾਲਾਂ ਖਿਲਾਫ ਕਾਰਵਾਈ ਦੇ ਹੁਕਮ ਦੇਣ ਮੁੱਖ ਮੰਤਰੀ'

ਸ੍ਰੋਮਣੀ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਉਹ ਪ੍ਰਾਈਵੇਟ ਹਸਪਤਾਲਾਂ ਵਿਰੁੱਧ ਕਾਰਵਾਈ ਦੇ ਹੁਕਮ ਜਾਰੀ ਕਰਨ, ਜਿਹੜੇ ਕੋਰੋਨਾ ਦੌਰਾਨ ਮਰੀਜ਼ਾਂ ਤੋਂ ਵੱਧ ਪੈਸੇ ਵਸੂਲ ਰਹੇ ਹਨ। ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਜਿਹੇ ਹਸਪਤਾਲਾਂ ਦਾ ਤੁਰੰਤ ਲਾਈਸੰਸ ਰੱਦ ਕੀਤਾ ਜਾਣਾ ਚਾਹੀਦਾ ਹੈ।

ਕੈਪਟਨ, ਕੋਰੋਨਾ ਮਰੀਜ਼ਾਂ ਨੂੰ ਲੁੱਟਣ ਵਾਲੇ ਹਸਪਤਾਲਾਂ ਵਿਰੁੱਧ ਕਾਰਵਾਈ ਦੇ ਹੁਕਮ ਦੇਣ : ਗਰੇਵਾਲ
ਕੈਪਟਨ, ਕੋਰੋਨਾ ਮਰੀਜ਼ਾਂ ਨੂੰ ਲੁੱਟਣ ਵਾਲੇ ਹਸਪਤਾਲਾਂ ਵਿਰੁੱਧ ਕਾਰਵਾਈ ਦੇ ਹੁਕਮ ਦੇਣ : ਗਰੇਵਾਲ

By

Published : Aug 19, 2020, 9:10 PM IST

Updated : Aug 19, 2020, 10:58 PM IST

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਉਨ੍ਹਾਂ ਪ੍ਰਾਈਵੇਟ ਹਸਪਤਾਲਾਂ ਵਿਰੁੱਧ ਤੁਰੰਤ ਕਾਰਵਾਈ ਦੇ ਹੁਕਮ ਜਾਰੀ ਕਰਨ, ਜੋ ਕੋਰੋਨਾ ਮਰੀਜ਼ਾਂ ਤੋਂ ਵੱਧ ਪੈਸੇ ਵਸੂਲ ਰਹੇ ਹਨ। ਇਸਤੋਂ ਇਲਾਵਾ ਸਰਕਾਰੀ ਹਸਪਤਾਲਾਂ ਵਿੱਚ ਲੋੜੀਂਦੀ ਮਾਤਰਾ ਵਿੱਚ ਆਕਸੀਜ਼ਨ ਦੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

ਇੱਥੇ ਜਾਰੀ ਬਿਆਨ ਵਿੱਚ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਲਈ ਕੋਰੋਨਾ ਮਰੀਜ਼ਾਂ ਤੋਂ ਲਈ ਜਾਣ ਵਾਲੀ ਫੀਸ ਤੈਅ ਕੀਤੀ ਹੋਈ ਹੈ ਪਰ ਦਿਸ਼ਾ-ਨਿਰਦੇਸ਼ ਸਹੀ ਤਰੀਕੇ ਲਾਗੂ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਅੰਮ੍ਰਿਤਸਰ ਆਧਾਰਿਤ ਇੱਕ ਹਸਪਤਾਲ ਅਮਨਦੀਪ ਮੈਡੀਸਿਟੀ ਨੇ ਇੱਕ ਮਰੀਜ਼ ਤੋਂ 20.50 ਲੱਖ ਰੁਪਏ ਲੈ ਲਏ, ਜਿਸ ਨਾਲ ਸੂਬੇ ਦੇ ਲੋਕ ਹੈਰਾਨ ਰਹਿ ਗਏ। ਉਹਨਾਂ ਕਿਹਾ ਕਿ ਸਰਕਾਰ ਨੂੰ ਥੋੜੇ ਬਿਮਾਰ ਕੋਰੋਨਾ ਮਰੀਜ਼ਾਂ ਤੋਂ 10 ਹਜ਼ਾਰ ਰੁਪਏ ਅਤੇ ਗੰਭੀਰ ਬਿਮਾਰ ਤੋਂ 15 ਹਜ਼ਾਰ ਰੁਪਏ ਰੋਜ਼ਾਨਾ ਫੀਸ ਦਾ ਤੈਅ ਕੀਤਾ ਨਿਯਮ ਸਖ਼ਤੀ ਨਾਲ ਲਾਗੂ ਕਰਵਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੋ ਵੀ ਪ੍ਰਾਈਵੇਟ ਹਸਪਤਾਲ ਨਿਯਮਾਂ ਦੀ ਉਲੰਘਣਾ ਕਰੇ, ਤੁਰੰਤ ਕਾਰਵਾਈ ਕਰਦਿਆਂ ਉਸਦਾ ਲਾਇਸੰਸ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਜਿਹੇ ਕਈ ਹਸਪਤਾਲ ਹਨ, ਜੋ ਲੋਕਾਂ ਨੂੰ ਲੁੱਟ ਰਹੇ ਹਨ, ਪਰ ਇਨ੍ਹਾਂ ਵਿਰੁੱਧ ਸ਼ਿਕਾਇਤਾਂ ਦਰਜ ਹੋਣ ਦੇ ਬਾਵਜੂਦ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਅਜਿਹੀਆਂ ਹੀ ਕੁੱਝ ਕਾਲੀਆਂ ਭੇਡਾਂ ਬੇਵੱਸ ਮਰੀਜ਼ਾਂ ਦੀ ਖੱਲ ਲਾਹ ਰਹੀਆਂ ਹਨ ਅਤੇ ਮਨਮਰਜ਼ੀ ਦੀ ਫੀਸ ਵਸੂਲ ਰਹੀਆਂ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਮੰਗ ਕੀਤੀ ਕਿ ਜੋ ਵੀ ਪ੍ਰਾਈਵੇਟ ਹਸਪਤਾਲ ਨਿਯਮਾਂ ਦੀ ਉਲੰਘਣਾ ਕਰਦਾ ਹੈ ਉਨ੍ਹਾਂ ਵਿਰੁੱਧ ਤੁਰੰਤ ਕਾਰਵਾਈ ਕਰਦਿਆਂ ਉਸਦਾ ਲਾਇਸੰਸ ਰੱਦ ਕਰ ਕੀਤਾ ਜਾਵੇ।

ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਦੱਸਣ ਕਿ ਅਮਨਦੀਪ ਮੈਡੀਸਿਟੀ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਹਾਲਾਂਕਿ ਇਹ ਪਾਇਆ ਗਿਆ ਹੈ ਕਿ ਉਹ ਮਰੀਜ਼ਾਂ ਤੋਂ ਵਾਰ ਵਾਰ ਪੈਸੇ ਵਸੂਲ ਰਿਹਾ ਹੈ। ਉਹਨਾਂ ਕਿਹਾ ਕਿ ਹਸਪਤਾਲ ਮੈਨੇਜਮੈਂਟ ਦੇ ਖਿਲਾਫ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ ਪਰ ਇਸਨੂੰ ਕਾਂਗਰਸ ਦੇ ਆਗੂ ਬਚਾਅ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਲਾਇਸੰਸ ਰੱਦ ਕਰਨ ਅਤੇ ਮੈਡੀਕਲ ਕੁਤਾਹੀ ਦਾ ਕੇਸ ਹਸਪਤਾਲ ਖਿਲਾਫ ਦਰਜ ਨਹੀਂ ਕੀਤਾ ਜਾਂਦਾ ਤਾਂ ਫਿਰ ਸਰਕਾਰੀ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹੋਰ ਸੰਸਥਾਵਾਂ ਖਿਲਾਫ ਕਾਰਵਾਈ ਕਰਨੀ ਵੀ ਮੁਸ਼ਕਿਲ ਹੋ ਜਾਵੇਗੀ। ਉਹਨਾਂ ਕਿਹਾ ਕਿ ਅਮਨਦੀਪ ਮੈਡੀਸਿਟੀ ਖਿਲਾਫ ਕਾਰਵਾਈ ਕਰਨ ਦੇ ਰਾਹ ਵਿੱਚ ਰਾਜਨੀਤੀ ਅੜਿਕਾ ਨਹੀਂ ਬਣਨੀ ਚਾਹੀਦੀ ਕਿਉਂਕਿ ਉਸਨੇ ਸਰਕਾਰ ਵੱਲੋਂ ਤੈਅ 15 ਹਜ਼ਾਰ ਰੁਪਏ ਰੋਜ਼ਾਨਾ ਦੀ ਥਾਂ 42500 ਰੁਪਏ ਰੋਜ਼ਾਨਾ ਦੇ ਵਸੂਲੇ ਹਨ।

ਇਸ ਮੌਕੇ ਗਰੇਵਾਲ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਕੋਰੋਨਾ ਵਾਰਡ ਵਿੱਚ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਆਕਸੀਜ਼ਨ ਦੀ ਕਮੀ ਹੋਣ 'ਤੇ ਵੀ ਹੈਰਾਨੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਮਰੀਜ਼ਾਂ ਨੇ ਸਾਹ ਔਖਾ ਆਉਣ ਦੀ ਸ਼ਿਕਾਇਤ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਹਸਪਤਾਲਾਂ ਵਿੱਚ ਆਕਸੀਜ਼ਨ ਸਿਲੰਡਰਾਂ ਦੀ ਉਪਲਬਧਤਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ।

Last Updated : Aug 19, 2020, 10:58 PM IST

ABOUT THE AUTHOR

...view details