ਚੰਡੀਗੜ੍ਹ:ਅੱਜ ਪੀਐੱਸਪੀਸੀਐੱਲ ਦੇ ਨਵੇਂ 20 ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਦੌਰਾਨ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਤੋਂ ਤੁਹਾਡੀਆਂ ਜ਼ਿੰਮੇਵਾਰੀਆਂ ਵਧ ਗਈਆਂ ਹਨ। ਉਨ੍ਹਾਂ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਸਬਰ ਵੱਡੀ ਚੀਜ਼ ਹੈ, ਮਿਹਨਤ ਕਰਦੇ ਰਹੋ ਜ਼ਰੂਰ ਫਲ ਮਿਲਦਾ ਹੈ। ਕਈ ਵਾਰ ਸ਼ੋਰਟਕਟ ਰਸਤਿਆਂ ਨਾਲ ਬੰਦਾ ਕਿਤੇ ਨਾ ਕਿਤੇ ਪਹੁੰਚ ਤਾਂ ਜਾਂਦਾ ਹੈ ਪਰ ਬਹੁਤਾ ਚਿਰ ਨਹੀਂ ਟਿਕਦਾ। ਤਰੱਕੀ ਵਾਸਤੇ ਇਕੋ ਸ਼ੋਰਟਕਟ ਹੈ, ਉਹ ਸਿਰਫ ਮਿਹਨਤ ਹੀ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹਰਭਜਨ ਸਿੰਘ ਈਟੀਓ ਵੀ ਸ਼ਾਮਲ ਹਨ।
ਨਿਯੁਕਤੀ ਪੱਤਰ ਵੰਡਣ ਸਮੇਂ ਕੀਤਾ ਸੰਬੋਧਨ :ਉਨ੍ਹਾਂ ਕਿਹਾ ਜ਼ਿੰਦਗੀ ਇਕ ਇਮਤਿਹਾਨ ਹੈ। ਰੋਜ਼ਾਨਾ ਬਹੁਤ ਸਾਰੇ ਖੂਹ ਪੁੱਟ ਕੇ ਪਾਣੀ ਪੀਣਾ ਪੈਂਦਾ ਹੈ। ਅੱਜ ਤੁਸੀਂ ਜਿਸ ਮੁਕਾਮ ਉਤੇ ਪਹੁੰਚੇ ਹੋ, ਉਸ ਦੀ ਖੁਸ਼ੀ ਸਿਰਫ਼ ਤੁਸੀਂ ਹੀ ਦੱਸ ਸਕਦੇ ਹੋ। ਰੋਜ਼ ਤੁਸੀਂ ਇਸ ਵਾਸਤੇ ਮਿਹਨਤ ਕੀਤੀ ਹੋਵੇਗੀ। ਮੈਂ ਤੁਹਾਨੂੰ ਸਭ ਨੂੰ ਮੁਬਾਰਕਬਾਦ ਦਿੰਦਾਂ ਹਾ। ਉਨ੍ਹਾਂ ਕਿਹਾ ਕਿ ਇਹ ਸਿਰਫ ਹਾਲੇ ਪਹਿਲੀ ਪੌੜੀ ਹੈ। ਤੁਸੀਂ ਬਹੁਤ ਅੱਗੇ ਜਾਣਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਹੌਸਲੇ ਨੇ ਉਨ੍ਹਾਂ ਕੋਲ ਉੱਡਣ ਲਈ ਬਹੁਤ ਵੱਡਾ ਅਸਮਾਨ ਹੈ ਤੇ ਜਿਹੜੇ ਢੇਰੀ ਢਾਹ ਕੇ ਬੈਠ ਜਾਂਦੇ ਹਨ, ਉਨ੍ਹਾਂ ਦੀ ਸੰਗਤ ਵੀ ਬਹੁਤ ਮਾੜੀ ਹੈ। ਸ਼ਾਇਰ ਨੇ ਲਿਖਿਆ ਹੈ ਬੋ ਹਿੰਮਤੇ ਹੁੰਦੇ ਨੇ ਉਹ ਜੋ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ, ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਨ੍ਹਾਂ ਦੇ ਨਾਵਾਂ ਦੀ, ਜੋ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫ਼ਰਾਂ ਦਾ। ਜੋ ਆਪਣੇ ਸਫਰ ਦਾ ਨਕਸ਼ਾ ਬਣਾ ਕੇ ਤੁਰਦੇ ਨੇ ਉਹ ਮੰਜ਼ਿਲ ਤਕ ਪਹੁੰਚ ਜਾਂਦੇ ਹਨ।