ਚੰਡੀਗੜ੍ਹ: ਪੰਜਾਬ ਦੇ ਪੰਜ ਵਾਰ ਮੁਖ ਮੰਤਰੀ ਰਹੇ ਪਰਕਾਸ਼ ਸਿੰਘ ਬਾਦਲ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਮੁਖਾਤਿਬ ਹੋ ਕੇ ਸਵਾਲ ਕੀਤਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਕਾਂਗਰਸ ਸਰਕਾਰ ਉਨ੍ਹਾਂ ਕਾਂਗਰਸੀ ਆਗੂਆਂ ਕੁਸ਼ਲਦੀਪ ਸਿੰਘ ਢਿੱਲੋਂ ਤੇ ਗੁਰਪ੍ਰੀਤ ਸਿੰਘ ਕਾਂਗੜ ਵਿਰੁੱਧ ਕਾਰਵਾਈ ਕਰਨ ਤੋਂ ਕਿਉਂ ਡਰ ਰਹੀ ਹੈ। ਜਿਨ੍ਹਾਂ ਉੱਤੇ ਸਿੱਧੇ, ਭਰੋਸੇਯੋਗ ਤੇ ਲਿਖਤੀ ਇਲਜ਼ਾਮ ਲੱਗੇ ਹਨ ਕਿ ਉਨ੍ਹਾਂ ਨੇ ਬੇਅਦਬੀ ਕਾਂਡ ਦੀ ਇੱਕ ਮੁੱਖ ਕੜੀ ਦੇ ਚਸ਼ਮਦੀਦ ਗਵਾਹ ਨੂੰ ਮਾਨਸਿਕ, ਸਿਆਸੀ ਤੇ ਸਰਕਾਰੀ ਦਬਾਅ ਤੇ ਪੀੜਾ ਨਾਲ "ਕਤਲ" ਕੀਤਾ। ਕੀ ਬੇਅਦਬੀ ਅਤੇ ਕਤਲ ਦੋਵੇਂ ਇੰਨੇ ਗੰਭੀਰ ਜੁਰਮ ਤੇ ਬੱਜਰ ਪਾਪ ਨਹੀਂ ਹਨ ਕਿ ਉਨ੍ਹਾਂ ਉੱਤੇ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਏ?"
ਬਾਦਲ ਨੇ ਸਪਸ਼ਟ ਮੰਗ ਕੀਤੀ ਕਿ ਇਨ੍ਹਾਂ ਮੁਲਜ਼ਿਮਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾਵੇ ਕਿ ਉਹਨਾਂ ਨੇ ਸਰਕਾਰੀ ਕੰਮ-ਕਾਰ ਵਿੱਚ ਦਖਲ ਦੇਣ ਅਤੇ ਇਕ ਅਹਿਮ ਗਵਾਹ ਉੱਤੇ ਹਰ ਤਰਾਂ ਦਾ ਤਣਾਓ ਤੇ ਦਬਾਅ ਪਾ ਕੇ ਉਸ ਨੂੰ ਸੱਚੀ ਗਵਾਹੀ ਦੇਣ ਤੋਂ ਰੋਕਣ ਲਈ ਇੰਨੇ ਸਿਰ ਤੋੜ ਯਤਨ ਕਿਉਂ ਕੀਤੇ ਅਤੇ ਇਸ ਲਈ ਉਹ ਇੰਨੇ ਉਤਾਵਲੇ ਕਿਉਂ ਸਨ? ਆਖਿਰਕਾਰ ਕਿਉਂ ਉਹਨਾਂ ਨੇ ਉਸ ਮਸੂਮ ਗਵਾਹ ਨੂੰ ਮਾਨਸਿਕ ਤੇ ਸਰਕਾਰੀ ਦਬਾਅ ਹੇਠ ਮੌਤ ਦੇ ਦਰਾਂ ਤੇ ਪਹੁੰਚ ਦਿੱਤਾ? ਉਹਨਾਂ ਕਾਂਗਰਸੀ ਲੀਡਰਾਂ ਤੋਂ ਪੁੱਛਗਿੱਛ ਕੀਤੀ ਜਾਵੇ ਕਿ ਇਸ ਸਾਰੇ ਵਰਤਾਰੇ ਪਿਛੇ ਉਹਨਾਂ ਦੀ ਕੀ ਮਨਸ਼ਾ ਸੀ ਤੇ ਉਹ ਗਵਾਹ ਤੋਂ ਝੂਠ ਬੁਲਵਾ ਕੇ ਕੀ ਛੁਪਾਉਣਾ ਚਾਹੁੰਦੇ ਸਨ?
ਬਾਦਲ ਨੇ ਕਿਹਾ ਕਿ ਉਸ ਬਦਕਿਸਮਤ ਗਵਾਹ ਦੀ ਧਰਮ ਪਤਨੀ ਜਿਸ ਬੇਚਾਰੀ ਨੂੰ ਇਹਨਾਂ ਕਾਂਗਰਸੀਆਂ ਨੇ ਹੁਣ ਵਿਧਵਾ ਬਣਾ ਦਿੱਤਾ ਹੈ , ਉਹ ਹਰ ਦਰਵਾਜੇ ਤੇ ਜਾ ਕੇ ਇਨਸਾਫ ਲਈ ਗੁਹਾਰ ਲਾ ਰਹੀ ਹੈ , ਪਰ ਮੁਖ ਮੰਤਰੀ ਅਤੇ ਸਰਕਾਰ ਦੇ ਕੰਨਾ ਤੇ ਜੂੰ ਕਿਉਂ ਨਹੀਂ ਸਰਕ ਰਹੀ ਤੇ ਉਹਨਾਂ ਨੇ ਕਿਉਂ ਜਾਣ ਬੁਝ ਕੇ ਘੇਸਲ ਵੱਟੀ ਹੋਈ ਹੈ ? ਉਸ ਅਹਿਮ ਗਵਾਹ ਤੋਂ ਉਹ ਕਿਹੜਾ ਝੂਠ ਅਤੇ ਕਿਉਂ ਬੁਲਾਉਣਾ ਚਾਹੁੰਦੇ ਸਨ, ਇਸ ਦਾ ਜਵਾਬ ਮੁਖ ਮੰਤਰੀ ਨੂੰ ਖੁਦ ਦੇਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਕਾਂਗਰਸ ਸਰਕਾਰ, ਪਾਰਟੀ ਤੇ ਉਹਨਾਂ ਦੇ ਆਗੂਆਂ ਨੂੰ ਦੋਸ਼ ਮੁਕਤ ਸਿੱਧ ਕਰਨਾ ਹੁਣ ਮੁੱਖ ਮੰਤਰੀ ਦੀ ਜਿੰਮੇਵਾਰੀ ਬਣਦੀ ਹੈ ਕਿਉਂਕਿ ਇਸ ਮੁੱਦੇ ਤੋਂ ਸਿਆਸੀ ਲਾਹਾ ਲੈਣ ਲਈ ਸਭ ਤੋਂ ਵੱਧ ਸ਼ੋਰ ਉਹਨਾਂ ਨੇ ਹੀ ਮਚਾ ਰੱਖਿਆ ਸੀ , ਹੁਣ ਅਚਾਨਕ ਇੰਨੀ ਚੁੱਪ ਕਿਉਂ ਵੱਟੀ ਹੋਈ ਹੈ ? ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਲਈ ਆਪਣੇ ਆਪ ਤੇ ਪਾਰਟੀ ਨੂੰ ਦੋਸ਼ ਮੁਕਤ ਸਿੱਧ ਕਰਨ ਲਈ ਹੋਰਨਾਂ ਗੱਲਾਂ ਤੋਂ ਇਲਾਵਾ ਸਭ ਤੋਂ ਸਿਧ ਤਰੀਕਾ ਢਿੱਲੋਂ ਅਤੇ ਕਾਂਗੜ ਦੀ ਗਿਰਫਤਾਰੀ ਤੇ ਉਹਨਾਂ ਵਿਰੁੱਧ ਕਨੂੰਨੀ ਕਾਰਵਾਈ ਦੇ ਰਾਹ ਵਿਚ ਅੜਿਚਨ ਬਣਨ ਲਈ ਮਾਮਲਾ ਦਰਜ ਕਰਨਾ ਹੈ।
ਬਾਦਲ ਨੇ ਕਿਹਾ ਕਿ ਬੇਅਦਬੀ ਦੇ ਸਾਰੇ ਕਾਂਡ ਪਿਛੇ ਓਹੀ ਪੰਥ ਦੁਸ਼ਮਣ ਤੇ ਸ਼੍ਰੋਮਣੀ ਅਕਾਲੀ ਵਿਰੋਧੀ ਸ਼ਕਤੀਆਂ ਤੇ ਉਹਨਾਂ ਦੀ ਉਹੀ ਮਾਨਸਿਕਤਾ ਕੰਮ ਕਰ ਰਹੀ ਸਾਫ ਨਜ਼ਰ ਆਓਂਦੀ ਹੈ ਜਿਸ ਨੇ ਪਹਿਲਾਂ ਪੰਜਾਬ ਵਿਚ ਪਾਵਨ ਗੁਰਧਾਮਾਂ ਵਿਚ ਸਿਗਰਟਾਂ ਤੇ ਪਵਿੱਤਰ ਮੰਦਿਰਾਂ ਵਿਚ ਗਊ ਦੀਆਂ ਪੂਛਾਂ ਵਗੈਰਾ ਸੁੱਟ ਕੇ ਪੰਜਾਬ ਦੇ ਅਮਨ ਨੂੰ ਫਿਰਕੂ ਲਾਂਬੂ ਲਾਕੇ ਆਪਣੇ ਸਿਆਸੀ ਮੁਫ਼ਾਦ ਪੂਰੇ ਕੀਤੇ ਸਨ। ਉਹੀ ਸੋਚ ਬੇਅਦਬੀਆਂ ਪਿਛੇ ਕੰਮ ਕਰ ਰਹੀ ਸੀ ਜਿਸ ਦਾ ਇੱਕੋ ਇੱਕ ਮਕਸਦ ਪੰਜਾਬੀਆਂ ਨੂੰ ਭੜਕਾ ਕੇ ਅਕਾਲੀ ਭਾਜਪਾ ਸਰਕਾਰ ਨੂੰ ਬਦਨਾਮ ਕਰਨਾ ਸੀ।
ਬਾਦਲ ਨੇ ਕਿਹਾ ਕਿ ਉਹ ਸਾਨੂੰ ਪੁੱਛਿਆ ਕਰਦੇ ਸਨ ਕਿ ਬਹਿਬਲ ਕਲਾਂ ਤੇ ਬਰਗਾੜੀ ਦੀਆਂ ਘਟਨਾਵਾਂ ਤੋਂ ਡੇਢ ਸਾਲ ਬਾਅਦ ਤੱਕ ਵੀ ਅਸੀਂ ਬੇਅਦਬੀ ਕਾਂਡ ਨੂੰ ਕਿਉਂ ਸੁਲਝਾ ਨਾ ਸਕੇ । ਅਸੀਂ ਉਸ ਦੀ ਭਾਰੀ ਕੀਮਤ ਚੁਕਾਈ ਕਿਉਂਕਿ ਦੁਸ਼ਮਣ ਸਾਡੇ ਤੋਂ ਵੱਧ ਚਤੁਰ ਸੀ। ਪਰ ਉਣ ਮੈਂ ਪੁੱਛਣਾ ਚਾਹੁੰਦਾ ਕਿ ਇਸ ਸਰਕਾਰ ਨੂੰ ਬਣਿਆਂ ਤਾਂ ਡੇਢ ਸਾਲ ਨਾਲੋਂ ਦੁਗਣਾ ਸਮਾਂ ਓ ਗਿਆ ਹੈ। ਹੁਣ ਇਨ੍ਹਾਂ ਤੋਂ ਬਹਿਬਲ ਕਲਾਂ ਜਾਂ ਹੋਰ ਘਟਨਾਵਾਂ ਬਾਰੇ ਕਿਉਂ ਕਾਰਵਾਈ ਨਹੀਂ ਹੋ ਰਹੀ ? ਪਾਵਨ ਗੁਰਬਾਣੀ ਦੀਆਂ ਝੂਠੀਆਂ ਸੌਂਹਾਂ ਖਾ ਕੇ ਬਣੀ ਇਸ ਸਰਕਾਰ ਨੇ ਆਪਣੇ ਤਿੰਨ ਸਾਲ ਕੇਵਲ ਤੇ ਕੇਵਲ ਬੇ ਅਦਬੀ ਦੀਆਂ ਪੈੜਾਂ ਆਪਣੇ ਘਰ ਪਹੁੰਚਣ ਤੋਂ ਲੁਕਾਉਣ ਵਿਚ ਹੀ ਗੁਜ਼ਾਰੇ ਹਨ।
ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਦੋਸ਼ੀ ਕਾਂਗਰਸੀਆਂ ਨੂੰ ਬਚਾਉਣ ਅਤੇ ਗਵਾਹਾਂ ਨੂੰ ਮੁਕਰਾ ਕੇ ਸਚਾਈ ਤੇ ਪਰਦਾ ਪਾਉਣ ਤੋਂ ਸਿਵਾ ਕੁੱਝ ਨਹੀਂ ਕੀਤਾ। ਢਿੱਲੋਂ ਤੇ ਕਾਂਗੜ ਵਾਲੇ ਕੇਸ ਤੋਂ ਜਾਹਿਰ ਹੁੰਦਾ ਹੈ ਕਿ ਤਿੰਨ ਸਾਲ ਇਹ ਗਵਾਹਾਂ ਨੂੰ ਮੁਕਰਾਉਣ ਤੇ ਸਬੂਤ ਖਤਮ ਕਰਨ ਤੇ ਹੀ ਲੱਗੇ ਰਹੇ ਹਨ। ਉਹਨਾਂ ਕਿਹਾ ਕਿ ਜਿਉਂ ਹੀ ਸਚਾਈ ਤੋਂ ਪਰਦਾ ਉੱਠਦਾ ਨਜ਼ਰ ਆਇਆ ਤਾਂ ਕਾਂਗਰਸਿਆਂ ਨੇ ਪਹਿਲਾਂ ਪੂਰਾ ਹੀਲਾ ਲਾ ਕੇ ਗਵਾਹ ਨੂੰ ਮੁਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਆਖਿਰ ਕਰ ਇਹਨਾਂ ਦੇ ਦਬਾਅ ਹੇਠ ਗਵਾਹ ਦੀ ਸੱਕੀ ਹਾਲਾਤ ਵਿਚ ਮੌਤ ਹੋ ਗਈ। ਕੀ ਇਸ ਤੋਂ ਬਾਅਦ ਵੀ ਕਿਸੇ ਨੇ ਕਾਂਗਰਸੀਆਂ ਦੇ ਮੂੰਹ ਤੇ ਆਪਣੇ ਜੁਰਮ ਤੋਂ ਕੋਈ ਸ਼ਰਮਿੰਦਗੀ ਆਈ ਦੇਖੀ ? ਇਹ ਉਹ ਲੋਕ ਹਨ ਜੋ ਗੁਰਬਾਣੀ ਦੀਆਂ ਸੌਂਹਾਂ ਖਾ ਕੇ ਦਿਨ ਦਿਹਾੜੇ ਮੁੱਕਰ ਗਏ ਪਰ ਸ਼ਰਮਿੰਦਾ ਨਹੀਂ ਹੋਏ ।ਆਖਿਰ ਜੁਰਮ ਦੀਆਂ ਪੈੜਾਂ ਇਹਨਾਂ ਦੇ ਘਰ ਪਹੁੰਚਣ ਤੋਂ ਬਚਣ ਵਿਚ ਹੀ ਇਹਨਾਂ ਦਾ ਸਾਰਾ ਜ਼ੋਰ ਲੱਗਾ ਹੋਇਆ ਹੈ ਕਿਉਂਕਿ ਉਹ ਪੈੜਾਂ ਹੁਣ ਨੰਗਾ ਹੋ ਰਹੀਆਂ ਹਨ।
ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਜਦੋਂ ਵੀ ਆਪਣੇ ਝੂਠ ਵਿਚ ਫਸ ਜਾਂਦੇ ਹਨ ਤਾਂ ਉਹ ਆਪਣੇ ਵਿਰੋਧੀਆਂ ਬਾਰੇ ਭੱਦੀ ਸ਼ਬਦਾਵਲੀ ਤੇ ਉੱਤਰ ਆਉਂਦੇ ਹਨ। ਉਹਨਾਂ ਦੀ ਬੋਲ ਬਾਣੀ ਨਾ ਤਾਂ ਉਹਨਾਂ ਦੀ ਉਮਰ ਦੇ ਕਿਸੇ ਬਜ਼ੁਰਗ ਭੱਦਰ ਪੁਰਸ਼ ਨੂੰ ਸ਼ੋਭਾ ਦਿੰਦੀ ਹੈ ਤੇ ਨਾ ਹੀ ਕਿਸੇ ਅਜਿਹੇ ਵਿਅਕਤੀ ਨੂੰ ਜੋ ਕਿ ਮੁਖ ਮੰਤਰੀ ਵਰਗੇ ਉਚੇ ਉਹਦੇ ਤੇ ਬੈਠਾ ਹੈ। ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਅਮਰਿੰਦਰ ਸਿੰਘ ਅਜੇ ਭੀ ਜਵਾਨ ਹੋਣ , ਪਰ ਇਸ ਦਾ ਮਤਲਬ ਇਹ ਤਾਂ ਨਹੀਂ ਬਣਦਾ ਕਿ ਉਹ ਅਵਾਰਾ ਤੇ ਬਿਗੜੇ ਹੋਏ ਮੁੰਡੇ ਵਾਲੇ ਭੱਦੇ ਕੰਮ ਕਰਨ ਤੇ ਓਹੋ ਜਿਹੀ ਭੱਦੀ ਬੋਲੀ ਦਾ ਇਸਤੇਮਾਲ ਕਰਨ ਵਿਚ ਮਾਣ ਮਹਿਸੂਸ ਕਰਨ। ਕਿਸੇ ਉਮਰ ਤੇ ਆਕੇ ਬੰਦੇ ਨੂੰ ਸਿਆਣਪ ਵੀ ਦਿਖਾਉਣੀ ਚਾਹੀਦੀ ਹੈ।