ਮਜ਼ਦੂਰਾਂ ਨਾਲ ਗੱਲ ਕਰਦਾ ਹੋਇਆ ਪੱਤਰਕਾਰ ਬਠਿੰਡਾ:ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਝੋਨੇ ਦੀ ਫਸਲ ਜੀ ਖਰੀਦ ਸਬੰਧੀ ਤਿਆਰੀਆਂ ਮੁਕੰਮਲ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਹੀ ਦੂਸਰੇ ਪਾਸੇ ਪੰਜਾਬ ਦੇ 10 ਹਜਾਰ ਮਜ਼ਦੂਰ ਜੋ ਕਿ ਮੰਡੀਆਂ ਵਿੱਚ ਕੰਮ ਕਰਦੇ ਸਨ, ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਗਏ ਹਨ। ਹੜਤਾਲ 'ਤੇ ਗਏ ਇਹਨਾਂ ਮਜ਼ਦੂਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜੋ 25% ਮਜ਼ਦੂਰੀ ਵਿੱਚ ਵਾਧਾ ਕਰਨ ਦਾ ਵਾਅਦਾ ਕੀਤਾ ਗਿਆ ਸੀ, ਉਸ ਨੂੰ ਵਫਾ ਨਹੀਂ ਕੀਤਾ ਗਿਆ ਅਤੇ ਸਿਰਫ਼ 14 ਪੈਸੇ ਮਾਰਕੀਟ ਕਮੇਟੀ ਵੱਲੋਂ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ ਵਾਧਾ ਕੀਤਾ ਗਿਆ। ਇਸ ਦੇ ਚੱਲਦੇ ਦਾਣਾ ਮੰਡੀ ਬਠਿੰਡਾ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮਜ਼ਦੂਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।(Labour Protest)
ਮਜ਼ਦੂਰਾਂ ਵਲੋਂ ਕੀਤੀ ਗਈ ਹੜਤਾਲ: ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਹਾੜੀ ਅਤੇ ਸਾਉਣੀ ਦੀ ਫਸਲ ਤੋਂ ਪਹਿਲਾਂ ਇਸੇ ਸਾਲ ਮੰਡੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਵੱਲੋਂ ਜੋ 25 ਪ੍ਰਤੀਸਤ ਮਜ਼ਦੂਰੀ ਵਿੱਚ ਵਾਧਾ ਕਰਨ ਦੀ ਗੱਲ ਆਖੀ ਗਈ ਸੀ, ਉਸ ਤੋਂ ਮੁਨਕਰ ਹੁੰਦੇ ਹੋਏ ਮਾਰਕੀਟ ਕਮੇਟੀ ਵੱਲੋਂ ਸਿਰਫ਼ 14 ਪੈਸੇ ਮਜ਼ਦੂਰੀ ਵਿੱਚ ਵਾਧਾ ਕੀਤਾ ਗਿਆ ਹੈ। ਜਿਸ ਕਾਰਨ 14 ਤੋਂ 16 ਘੰਟੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਮਾਤਰ 250 ਤੋਂ 300 ਰੁਪਏ ਦਿਹਾੜੀ ਨਸੀਬ ਹੁੰਦੀ ਹੈ, ਜਿਸ ਨਾਲ ਅੱਜ ਦੇ ਸਮੇਂ ਵਿੱਚ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ।
ਮੰਗਾਂ ਵੱਲ ਸਰਕਾਰ ਦੇਵੇ ਧਿਆਨ:ਪ੍ਰਦਰਸ਼ਨਕਾਰੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਇਸੇ ਕਾਰਨ ਪੰਜਾਬ ਭਰ ਦੇ ਵਿੱਚ ਮੰਡੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ ਹੈ। ਭਾਵੇਂ ਝੋਨੇ ਦੀ ਆਮਦ ਸ਼ੁਰੂ ਹੋਣ ਵਾਲੀ ਹੈ ਪਰ ਜੇਕਰ ਸਰਕਾਰ ਵੱਲੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਤਾਂ ਉਹ ਮੰਡੀ ਵਿੱਚੋਂ ਝੋਨੇ ਦਾ ਇੱਕ ਵੀ ਦਾਣਾ ਨਹੀਂ ਚੁੱਕਣਗੇ। ਪ੍ਰਦਰਸ਼ਨਕਾਰੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਇਹਨਾਂ ਮੰਗਾਂ ਤੋਂ ਇਲਾਵਾ ਹੋਰ ਵੀ ਮੰਗਾਂ ਹਨ, ਜਿੰਨਾਂ ਵੱਲ ਸਰਕਾਰ ਵੱਲੋਂ ਧਿਆਨ ਨਹੀਂ ਕੀਤਾ ਜਾਂਦਾ।
ਜਦੋਂ ਤੱਕ ਸਰਕਾਰ ਵਲੋਂ ਸਾਡੀ ਮਜ਼ਦੂਰੀ 'ਚ 25 ਪ੍ਰਤੀਸ਼ਤ ਦਾ ਵਾਧਾ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਅਸੀਂ ਆਪਣਾ ਕੰਮ ਬੰਦ ਰੱਖਾਂਗੇ। ਇਸ ਨਾਲ ਕਿਸਾਨਾਂ ਤੇ ਆੜ੍ਹਤੀਆਂ ਨੂੰ ਹੀ ਮੁਸ਼ਕਿਲ ਦਾ ਜਿਆਦਾ ਸਾਹਮਣਾ ਕਰਨਾ ਪਵੇਗਾ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਜਲਦ ਤੋਂ ਜਲਦ ਆਪਣਾ ਵਾਅਦਾ ਪੂਰਾ ਕਰੇ ਤਾਂ ਜੋ ਕਿਸੇ ਨੂੰ ਪਰੇਸ਼ਾਨੀ ਵੀ ਨਾ ਹੋਵੇ ਅਤੇ ਕੰਮ ਵੀ ਚੱਲਦਾ ਰਹੇ। -ਸੁਰਿੰਦਰ ਕੁਮਾਰ, ਪ੍ਰਧਾਨ ਬਠਿੰਡਾ ਮਜ਼ਦੂਰ ਯੂਨੀਅਨ
ਮੰਡੀਆਂ 'ਚ ਪ੍ਰਬੰਧਾਂ ਨੂੰ ਲੈਕੇ ਵੀ ਚੁੱਕੇ ਸਵਾਲ:ਇੰਨ੍ਹਾਂ ਵਿੱਚ ਪ੍ਰਮੁੱਖ ਤੌਰ 'ਤੇ ਦਾਣਾ ਮੰਡੀਆਂ ਵਿੱਚ ਚੌਂਕੀਦਾਰਾਂ ਦੀ ਤੈਨਾਤੀ ਹੈ, ਕਿਉਂਕਿ ਜਦੋਂ ਵੀ ਮੰਡੀ ਵਿੱਚ ਚੋਰੀ ਹੁੰਦੀ ਹੈ ਤਾਂ ਉਸ ਦੀ ਭਰਪੲਈ ਆੜਤੀ ਅਤੇ ਕਿਸਾਨਾਂ ਵੱਲੋਂ ਮਜ਼ਦੂਰਾਂ ਦੀ ਮਜ਼ਦੂਰੀ ਕੱਟ ਕੇ ਕੀਤੀ ਜਾਂਦੀ ਹੈ, ਜੋ ਕਿ ਸਰਾਸਰ ਗਲਤ ਹੈ। ਕਿਸਾਨਾਂ ਦੀ ਫਸਲ ਦੀ ਜਿੰਮੇਵਾਰੀ ਉਨਾਂ ਸਮਾਂ ਹੀ ਮਜ਼ਦੂਰਾਂ ਦੀ ਹੈ, ਜਿੰਨਾ ਸਮਾਂ ਉਹ ਮੰਡੀ ਵਿੱਚ ਹਨ। ਜੇਕਰ ਮੰਡੀ ਵਿੱਚ ਕਿਸੇ ਤਰ੍ਹਾਂ ਦੀ ਚੋਰੀ ਹੁੰਦੀ ਹੈ ਤਾਂ ਉਸ ਲਈ ਸਰਕਾਰ ਨੂੰ ਇੱਥੇ ਚੌਂਕੀਦਾਰ ਰੱਖਣਾ ਚਾਹੀਦਾ ਹੈ ਨਾ ਕਿ ਮਜ਼ਦੂਰਾਂ ਦੀ ਮਜ਼ਦੂਰੀ ਵਿੱਚੋਂ ਚੋਰੀ ਦੀ ਭਰਪਾਈ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਮੰਡੀਆਂ ਵਿੱਚ ਪੀਣ ਦੇ ਪਾਣੀ ਅਤੇ ਸਾਫ ਬਾਥਰੂਮ ਦਾ ਪ੍ਰਬੰਧ ਮਾਰਕੀਟ ਕਮੇਟੀ ਵੱਲੋਂ ਕੀਤਾ ਜਾਣਾ ਚਾਹੀਦਾ ਹੈ। ਜੇਕਰ ਸਰਕਾਰ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਹ ਹੜਤਾਲ ਅਣਮਿੱਥੇ ਸਮੇਂ ਲਈ ਜਾਰੀ ਰਹੇਗੀ ਅਤੇ ਕਿਸੇ ਵੀ ਹਾਲਤ ਵਿੱਚ ਝੋਨੇ ਦੀ ਫਸਲ ਆਉਣ 'ਤੇ ਇੱਕ ਵੀ ਦਾਣਾ ਮੰਡੀ ਵਿੱਚੋਂ ਨਹੀਂ ਚੁੱਕਿਆ ਜਾਵੇਗਾ।
ਕਿਸਾਨ ਤੇ ਆੜ੍ਹਤੀ ਹੋਣਗੇ ਪ੍ਰੇਸ਼ਾਨ: ਮਜ਼ਦੂਰਾਂ ਦੇ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਦੀ ਖਰੀਦ ਸਬੰਧੀ ਕੀਤੇ ਗਏ ਪ੍ਰਬੰਧਾਂ ਨੂੰ ਢਾਹ ਲੱਗਦੀ ਨਜ਼ਰ ਆ ਰਹੀ ਹੈ ਕਿਉਂਕਿ ਜੇਕਰ ਸਰਕਾਰ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਆਉਂਦੇ ਦਿਨਾਂ ਵਿੱਚ ਦਾਣਾ ਮੰਡੀਆਂ ਵਿੱਚ ਫਸਲਾਂ ਦੇ ਵੱਡੇ-ਵੱਡੇ ਅੰਬਾਰ ਲੱਗੇ ਮਿਲਣਗੇ ਅਤੇ ਕਿਸਾਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਮਜ਼ਦੂਰਾਂ ਤੋਂ ਬਿਨਾਂ ਨਾ ਹੀ ਫਸਲ ਦੀ ਢੋਆ ਢਵਾਈ ਹੋ ਸਕੇਗੀ ਅਤੇ ਨਾ ਹੀ ਸਾਫ ਸਫਾਈ ਹੋ ਸਕੇਗੀ।
ਸਰਕਾਰ ਨਾਲ ਹੋ ਚੁੱਕੀ ਮੀਟਿੰਗ: ਕਾਬਿਲੇਗੌਰ ਹੈ ਕਿ ਮਜ਼ਦੂਰਾਂ ਵਲੋਂ ਪਹਿਲਾਂ ਹੀ ਹੜਤਾਲ 'ਤੇ ਜਾਣ ਦਾ ਸੱਦਾ ਦਿੱਤਾ ਹੋਇਆ ਸੀ ਪਰ ਝੋਨੇ ਦੇ ਸੀਜਨ ਦੀ ਸ਼ੁਰੂਆਤ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਵੀ ਮਜ਼ਦੂਰ ਯੂਨੀਅਨ ਨਾਲ ਮੀਟਿੰਗ ਕੀਤੀ ਗਈ ਸੀ, ਜਿਸ 'ਚ ਉਨ੍ਹਾਂ ਭਰੋਸਾ ਵੀ ਦਿੱਤਾ ਸੀ ਕਿ ਉਨ੍ਹਾਂ ਦੀ ਮਜ਼ਦੂਰੀ 'ਚ ਸਰਕਾਰ ਵਲੋਂ ਵਾਅਦਾ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਨ੍ਹਾਂ ਆਪਣੀ ਹੜਤਾਲ ਵਾਪਸ ਵੀ ਲੈ ਲਈ ਸੀ, ਪਰ ਹੁਣ ਮੰਗਾਂ ਪੂਰੀਆਂ ਨਾ ਹੁੰਦੀਆਂ ਦੇਖ ਮਜ਼ਦੂਰ ਯੂਨੀਅਨ ਵਲੋਂ ਸੂਬਾ ਪੱਧਰੀ ਹੜਤਾਲ ਕਰ ਦਿੱਤੀ ਗਈ ਹੈ।