ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਬਠਿੰਡਾ:ਇੱਕ ਪਾਸੇ ਜਿਥੇ ਪੰਜਾਬ ਪੁਲਿਸ ਅਤੇ ਸਰਕਾਰ ਕਾਨੂੰਨ ਵਿਵਸਥਾ ਸਹੀ ਹੋਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਤਾਂ ਉਥੇ ਹੀ ਨਿੱਤ ਦਿਨ ਹੋ ਰਹੀਆਂ ਵਾਰਦਾਤਾਂ ਇੰਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਰਹੀਆਂ ਹਨ। ਤਾਜ਼ਾ ਮਾਮਲਾ ਬਠਿੰਡਾ ਦੇ ਮਾਲ ਰੋਡ ਦਾ ਹੈ, ਜਿਥੇ ਦਿਨ ਦਿਹਾੜੇ ਬਦਮਾਸ਼ਾਂ ਵਲੋਂ ਮਸ਼ਹੂਰ ਅੰਮ੍ਰਿਤਸਰੀ ਕੁਲਚਾ ਸ਼ਾਪ ਮਾਲਕ ਅਤੇ ਮਾਲ ਰੋਡ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਦਾ ਕਤਲ ਕਰ ਦਿੱਤਾ ਗਿਆ, ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। (Restaurant Owner Murder in Bathinda)
ਵਾਰਦਾਤ ਦੀ ਸੀਸੀਟੀਵੀ ਆਈ ਸਾਹਮਣੇ: ਸੀਸੀਟੀਵੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਹਰਜਿੰਦਰ ਸਿੰਘ ਜੌਹਲ ਆਪਣੀ ਦੁਕਾਨ ਦੇ ਬਾਹਰ ਬੈਠੇ ਸੀ ਤਾਂ ਕੋਲੋਂ ਲੰਘ ਰਹੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਹਮਲੇ 'ਚ ਦੋ ਗੋਲੀਆਂ ਉਨ੍ਹਾਂ ਨੂੰ ਜਾ ਲੱਗੀਆਂ। ਜਿਸ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਜ਼ਖ਼ਮੀ ਹਾਲਤ 'ਚ ਉਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਲਿਆਂਦਾ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਉਧਰ ਸ਼ਹਿਰ ਦੇ ਸਭ ਤੋਂ ਸੁਰੱਖਿਆ ਮੰਨੇ ਜਾਂਦੇ ਮਾਲ ਰੋਡ 'ਤੇ ਦਿਨ ਦਿਹਾੜੇ ਅਜਿਹੀ ਵਾਰਦਾਤ ਨਾਲ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਵਾਰਦਾਤ ਦੀ ਖ਼ਬਰ ਮਿਲਣ ਤੋਂ ਬਾਅਦ ਵਪਾਰੀ ਮੌਕੇ 'ਤੇ ਇਕੱਠਾ ਹੋਣੇ ਸ਼ੁਰੂ ਹੋ ਗਏ ਜਦਕਿ ਪੁਲਿਸ ਵਲੋਂ ਵੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੁੱਸੇ 'ਚ ਵਪਾਰੀਆਂ ਨੇ ਮਾਰਕੀਟ ਕੀਤੀ ਬੰਦ: ਉਧਰ ਮੌਕੇ ਤੇ ਖੜੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਦਿਨ ਦਿਹਾੜੇ ਹੀ ਬਠਿੰਡਾ ਦੀ ਮਾਲ ਰੋਡ ਜਿੱਥੇ ਕਿ ਲੋਕਾਂ ਦੀ ਆਵਾਜਾਈ ਰਹਿੰਦੀ ਹੈ, ਉੱਥੇ ਇਹੋ ਜਿਹੀ ਘਟਨਾ ਦਿਨ ਦਿਹਾੜੇ ਵਾਪਰਨੀ ਬੜਾ ਹੀ ਮੰਦਭਾਗਾ ਹੈ। ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਖਾਸ ਕਰ ਦੁਕਾਨਦਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਵਪਾਰੀ ਵਰਗ ਨੇ ਇਸ ਘਟਨਾ ਤੋਂ ਬਾਅਦ ਮਾਰਕੀਟ ਬੰਦ ਕਰ ਦਿੱਤੀ ਅਤੇ ਨਾਲ ਹੀ ਭਲਕੇ ਵੀ ਮਾਰਕੀਟ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਦੇ ਮਾਮਲੇ 'ਚ ਫੇਲ੍ਹ ਹੋ ਚੁੱਕੀ ਹੈ ਅਤੇ ਨਾਲ ਹੀ ਪ੍ਰਸ਼ਾਸਨ ਦਾ ਲਾਅ ਐਂਡ ਆਰਡਰ 'ਤੇ ਕੰਟਰੋਲ ਨਹੀਂ ਹੈ। ਇਸ ਦੇ ਨਾਲ ਹੀ ਵਪਾਰੀਆਂ ਨੇ ਮੰਗ ਕੀਤੀ ਕਿ ਪੁਲਿਸ ਜਲਦ ਤੋਂ ਜਲਦ ਅਜਿਹੇ ਅਨਸਰਾਂ 'ਤੇ ਨੱਥ ਪਾਵੇ ਤਾਂ ਜੋ ਵਪਾਰੀ ਬਿਨਾਂ ਡਰ ਤੋਂ ਆਪਣਾ ਕਾਰੋਬਾਰ ਕਰ ਸਕਣ।
ਪੁਲਿਸ ਵਲੋਂ ਜਲਦ ਮੁਲਜ਼ਮ ਫੜਨ ਦੀ ਗੱਲ:ਉਧਰ ਇਸ ਮਾਮਲੇ 'ਚ ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਉਨ੍ਹਾਂ ਨੂੰ ਵਾਰਦਾਤ ਸਬੰਧੀ ਪਤਾ ਲੱਗਾ ਤਾਂ ਉਹ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਇਸ ਮਾਮਲੇ 'ਚ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਨੇ ਕਿਹਾ ਕਿ ਕਤਲ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਿਆ ਹੈ ਪਰ ਪੁਲਿਸ ਇਸ ਮਾਮਲੇ ਨੂੰ ਜਲਦ ਹੱਲ ਕਰ ਦੇਵੇਗੀ।
ਹਲਕਾ ਵਿਧਾਇਕ ਨੇ ਜਤਾਇਆ ਦੁੱਖ:ਉਧਰ ਬਠਿੰਡਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਕਹਿਣਾ ਹੈ ਕਿ ਬੜੀ ਹੀ ਮੰਦਭਾਗੀ ਘਟਨਾ ਹੋਈ ਹੈ। ਇਸ ਦਾ ਸਾਨੂੰ ਬਹੁਤ ਅਫਸੋਸ ਹੈ ਕਿ ਇੱਕ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਮੈਂ ਤਹਿ ਤੱਕ ਜਾਵਾਂਗਾ ਅਤੇ ਪ੍ਰਸ਼ਾਸਨ ਨੂੰ ਇਸ ਮਾਮਲੇ ਵਿੱਚ ਜਲਦੀ ਕਾਰਵਾਈ ਕਰਨ ਲਈ ਕਹਾਂਗਾ। ਵਿਧਾਇਕ ਦਾ ਕਹਿਣਾ ਕਿ ਮੈਂ ਚੁੱਪ ਨਹੀਂ ਬੈਠਾਗਾ, ਜਿਨਾਂ ਨੇ ਵੀ ਇਹ ਕਾਰਵਾਈ ਕੀਤੀ ਹੈ, ਉਹਨਾਂ ਲੋਕਾਂ ਨੂੰ ਜਲਦ ਤੋਂ ਜਲਦ ਫੜ ਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ, ਇਹ ਮੇਰੀ ਕੋਸ਼ਿਸ਼ ਰਹੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਇਲਾਕੇ ਦੇ ਲੋਕਾਂ 'ਚ ਡਰ ਬਣਿਆ ਹੋਇਆ ਹੈ ਤੇ ਇਹ ਉਦੋਂ ਤੱਕ ਨਹੀਂ ਜਾਵੇਗਾ, ਜਦ ਤੱਕ ਮੁਲਜ਼ਮ ਫੜੇ ਨਹੀਂ ਜਾਂਦੇ।
ਅਕਾਲੀ ਦਲ ਨੇ ਕਾਨੂੰਨ ਵਿਵਸਥਾ 'ਤੇ ਚੁੱਕੇ ਸਵਾਲ:ਇਸ ਘਟਨਾ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਵੀ ਚਿੰਤਾ ਜਾਹਿਰ ਕੀਤੀ ਗਈ ਹੈ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਦਿਆਂ ਲਿਖਿਆ ਕਿ "ਬਠਿੰਡਾ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਮੇਲਾ ਜੀ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਅਜਿਹੀਆਂ ਘਟਨਾਵਾਂ ਆਮ ਹੋ ਗਈਆਂ ਹਨ। ਸਮੁੱਚੇ ਵਪਾਰੀ ਵਰਗ 'ਚ ਡਰ ਦਾ ਮਾਹੌਲ ਹੈ। ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਵਿੱਚ ਫੌਰੀ ਕਾਰਵਾਈ ਦੀ ਮੰਗ ਕਰਦਾ ਹੈ, ਜਿਸ ਵਿੱਚ ਮੇਲਾ ਜੀ ਦੇ ਬੇਰਹਿਮੀ ਨਾਲ ਕਤਲ ਵਿੱਚ ਸ਼ਾਮਲ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਮੈਂ ਦੁਖੀ ਪਰਿਵਾਰ ਨਾਲ ਵੀ ਹਮਦਰਦੀ ਪ੍ਰਗਟ ਕਰਦਾ ਹਾਂ।"
ਨੌਜਵਾਨ ਵਪਾਰੀ ਆਗੂ ਸੀ ਮ੍ਰਿਤਕ: ਕਾਬਿਲੇਗੌਰ ਹੈ ਕਿ ਹਰਜਿੰਦਰ ਸਿੰਘ ਜੌਹਲ ਕਰੀਬ 42 ਸਾਲਾਂ ਦੇ ਨੌਜਵਾਨ ਵਪਾਰੀ ਆਗੂ ਸਨ। ਉਹ ਜਿਥੇ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਨ, ਉਥੇ ਹੀ ਉਨ੍ਹਾਂ ਨੇ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਲੰਬਾ ਸੰਘਰਸ਼ ਵਿੱਢਿਆ ਸੀ ਅਤੇ ਇਸ ਸਬੰਧੀ ਅਦਾਲਤ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਸੀ। ਹਾਲ ਹੀ ਵਿੱਚ ਮਾਲ ਰੋਡ ’ਤੇ ਪਾਰਕਿੰਗ ਠੇਕੇਦਾਰ ਵੱਲੋਂ ਵਾਹਨਾਂ ਦੀ ਚੈਕਿੰਗ ਅਤੇ ਜੁਰਮਾਨੇ ਦੀ ਵਸੂਲੀ ਕਰਨ ਖ਼ਿਲਾਫ਼ ਉਨ੍ਹਾਂ ਲੰਮਾ ਸੰਘਰਸ਼ ਵਿੱਢਿਆ ਸੀ ਅਤੇ ਵਪਾਰੀ ਆਗੂਆਂ ਨਾਲ ਮਿਲ ਕੇ ਦੋ ਮਹੀਨੇ ਧਰਨਾ ਵੀ ਦਿੱਤਾ ਸੀ। ਤਿਉਹਾਰਾਂ ਦੇ ਸੀਜ਼ਨ ਦੌਰਾਨ ਦਿਨ ਦਿਹਾੜੇ ਇੱਕ ਵਪਾਰੀ ਆਗੂ 'ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉੱਠ ਰਹੇ ਹਨ।