ਬਠਿੰਡਾ:ਜ਼ਿਲ੍ਹੇ ਦੇ ਥਾਣਾ ਫੂਲ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਾਂਗਰਸ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਨਿੰਨੀ ਬਾਂਸਲ ਅਤੇ ਐਸਐਚਓ ਫੂਲ ਮਨਪ੍ਰੀਤ ਸਿੰਘ ਵਿਚਕਾਰ ਝੜਪ (Clashes between Ninni Bansal and SHO of Thana Phool) ਹੋ ਗਈ। ਨਿੰਨੀ ਬਾਂਸਲ ਨੇ ਐਸਐਚਓ ਫੂਲ ਮਨਪ੍ਰੀਤ ਸਿੰਘ ’ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਾਏ ਹਨ ਉਥੇ ਹੀ ਦੂਸਰੇ ਪਾਸੇ ਐਸਐਚਓ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਿੰਨੀ ਬਾਂਸਲ ਵੱਲੋਂ ਧੱਕਾ ਮੁੱਕੀ ਕੀਤੀ ਅਤੇ ਇਸ ਦੌਰਾਨ ਹੀ ਉਨ੍ਹਾਂ ਦੀ ਵਰਦੀ ਪਾੜ ਦਿੱਤੀ ਗਈ। ਫਿਲਹਾਲ ਇਸ ਮਾਮਲੇ ਵਿੱਚ ਐਸਐਸਪੀ ਬਠਿੰਡਾ ਅਵਨੀਤ ਕੌਂਡਲ ਵੱਲੋਂ ਡੀਐਸਪੀ ਫੂਲ ਨੂੰ ਜਾਂਚ ਦੇ ਆਦੇਸ਼ ਦਿੱਤੇ ਦੇ ਦਿੱਤੇ ਗਏ ਹਨ।
ਇਸ ਹੋਈ ਝੜਪ ਨੂੰ ਲੈਕੇ ਕਾਂਗਰਸ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਕਿਸੇ ਮਾਮਲੇ ਨੂੰ ਲੈਕੇ ਐਸਐਚਓ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਹੈ। ਸਾਬਕਾ ਪ੍ਰਧਾਨ ਨੇ ਇਲਜ਼ਾਮ ਲਗਾਇਆ ਕਿ ਉਸਦੀ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ ਹੈ ਅਤੇ ਮਾਮਲਾ ਭਖਦਾ ਵੇਖ ਐਸਐਚਓ ਵੱਲੋਂ ਆਪਣੀ ਵਰਦੀ ਖੁਦ ਪਾੜੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਉਸ ਖਿਲਾਫ਼ ਝੂਠਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜੋ ਕਿ ਗਲਤ ਹੈ। ਉਨ੍ਹਾਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ। ਇਸ ਦੌਰਾਨ ਹੀ ਸਾਬਕਾ ਨਗਰ ਕੌਂਸਲ ਪ੍ਰਧਾਨ ਦੇ ਪਰਿਵਾਰ ਤੇ ਸਮਰਥਕਾਂ ਵੱਲੋਂ ਐਸਐਚਓ ਖਿਲਾਫ਼ ਥਾਣੇ ਬਾਹਰ ਨਾਅਰੇਬਾਜੀ ਵੀ ਕੀਤੀ ਗਈ।
ਇਹ ਝੜਪ ਦਾ ਮਾਮਲਾ ਭਖਦਾ ਵਿਖਾਈ ਦੇ ਰਿਹਾ ਹੈ। ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਘਟਨਾ ਦੀ ਨਿੰਦਿਆ ਕੀਤੀ ਗਈ ਹੈ। ਖਹਿਰਾ ਨੇ ਕਿਹਾ ਹੈ ਕਿ ਜੇਕ ਥਾਣੇਦਾਰ ਦੀ ਵਰਦੀ ਪਾੜੀ ਗਈ ਹੈ ਤਾਂ ਇਹ ਬਹੁਤ ਨਿੰਦਣਯੋਗ ਹੈ। ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕਰਦੇ ਹੋਏ ਖਹਿਰਾ ਨੇ ਮੁਲਜ਼ਮ ਖਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਸਰਕਾਰ ਉੱਪਰ ਸਵਾਲ ਖੜ੍ਹੇ ਕੀਤੇ ਹਨ ਕਿ ਇਹ ਬਦਲਾਅ ਨਹੀਂ ਹੈ।