ਬਰਨਾਲਾ: ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਕੋਰੋਨਾ ਵੈਕਸੀਨੇਸ਼ਨ ਦੇ ਦੂਜੇ ਗੇੜ ਬਾਰੇ ਸਿਹਤ ਅਮਲੇ ਤੇ ਹੋਰ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ, ਤੇ ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਵੈਕਸੀਨੇਸ਼ਨ ਕੈਂਪ ਲਾਉਣ ਦੀ ਹਦਾਇਤ ਕੀਤੀ ਗਈ ਤਾਂ ਜੋ ਕੋਰੋਨਾ ਟੀਕਾ ਲਵਾਉਣ ਤੋਂ ਵਾਂਝਾ ਰਹਿ ਗਿਆ ਵਿਅਕਤੀ ਕੈਂਪ ’ਚ ਪੁੱਜ ਕੇ ਵੈਕਸੀਨ ਲਵਾ ਸਕੇ।
ਉਨ੍ਹਾਂ ਦੱਸਿਆ ਕਿ ਕੋਰੋਨਾ ਟੀਕਾਕਰਨ ਦੇ ਦੂਜੇ ਗੇੜ ਦੌਰਾਨ ਮੂਹਰਲੀ ਕਤਾਰ ਦੇ ਯੋਧਿਆਂ ਨੂੰ ਕੋਰੋਨਾ ਵੈਕਸੀਨ ਲਾਈ ਜਾਵੇਗੀ, ਜੋ 3 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ। ਇਸ ਵਾਸਤੇ ਸਾਰੇ ਸਬੰਧਿਤ ਮਹਿਕਮੇ ਆਪਣੇ ਅਮਲੇ ਦੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ ਤਾਂ ਜੋ ਕੋਈ ਵੀ ਮੂਹਰਲੀ ਕਤਾਰ ਦਾ ਯੋਧਾ ਕੋਰੋਨਾ ਦਾ ਟੀਕਾ ਲਵਾਉਣ ਤੋਂ ਵਾਂਝਾ ਨਾ ਰਹੇ।
ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਹੁਣ ਤੱਕ ਕਰੀਬ 428 ਡਾਕਟਰਾਂ ਤੇ ਹੋਰ ਸਿਹਤ ਕਰਮੀਆਂ ਨੂੰ ਕੋਰੋਨਾ ਦਾ ਟੀਕਾ ਲਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਦੂਜੇ ਗੇੜ ਵਿੱਚ ਮੂਹਰਲੀ ਕਤਾਰ ਦੇ ਯੋਧਿਆਂ ਨੂੰ ਕੋਰੋਨਾ ਵੈਕਸੀਨ ਲਾਈ ਜਾਵੇਗੀ, ਜਿਨਾਂ ਵਿੱਚ ਪੁਲੀਸ ਕਰਮੀ, ਮਾਲ ਵਿਭਾਗ ਦਾ ਸਟਾਫ਼, ਮਿਉਂਸਿਪਲ ਕਮੇਟੀਆਂ ਦਾ ਸਟਾਫ਼ ਤੇ ਆਂਗਣਵਾੜੀ ਵਰਕਰ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ 5186 ਵਿਅਕਤੀਆਂ ਨੂੰ ਰਜਿਸਟਰਡ ਕੀਤਾ ਜਾ ਚੁੱਕਿਆ ਹੈ। ਵੈਕਸੀਨ ਦੀ ਪਹਿਲੀ ਡੋਜ਼ ਤੋਂ ਬਾਅਦ ਦੂਜੀ ਡੋਜ਼ 28 ਦਿਨਾਂ ਬਾਅਦ ਲਗਾਈ ਜਾਂਦੀ ਹੈ। ਪਹਿਲੇ ਗੇੜ ਦੌਰਾਨ ਜੇਕਰ ਰਜਿਸਟਰਡ ਸਿਹਤ ਕਰਮੀ ਕੋਰੋਨਾ ਦਾ ਟੀਕਾ ਲਵਾਉਣ ਤੋਂ ਕਿਸੇ ਕਾਰਨ ਵਾਂਝਾ ਰਹਿ ਗਿਆ ਹੈ ਤਾਂ ਉਹ 12 ਫਰਵਰੀ ਤੱਕ ਸਬੰਧਿਤ ਸੀ.ਐਚ.ਸੀ ਵਿੱਚ ਸੰਪਰਕ ਕਰ ਸਕਦਾ ਹੈ।