ਬਰਨਾਲਾ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਮੰਗਦੀ ਸੰਗਤ ਉੱਤੇ ਵਾਪਰੇ ਕੋਟਕਪੁਰਾ ਗੋਲੀਕਾਂਡ ਦੇ ਮਾਮਲੇ ਵਿੱਚ ਐਲਕੇ ਯਾਦਵ ਦੀ ਅਗਵਾਈ ਵਾਲੀ ਐਸਆਈਟੀ ਵੱਲੋਂ ਫ਼ਰੀਦਕੋਟ ਅਦਾਲਤ ਵਿੱਚ ਆਪਣੀ ਰਿਪੋਰਟ ਦਾਖ਼ਲ ਕੀਤੀ ਗਈ ਹੈ। ਜਿਸ ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਗ੍ਰਹਿ ਮੰਤਰੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ, ਡੀਜੀਪੀ ਸੁਮੇਧ ਸੈਣੀ ਅਤੇ ਹੋਰ ਉੱਚ ਪੁਲਿਸ ਅਧਿਕਾਰੀਆਂ ਦੇ ਨਾਮ ਸ਼ਾਮਲ ਕੀਤੇ ਗਏ ਹਨ। ਬਾਦਲ ਪਿਓ-ਪੁੱਤ ਦਾ ਨਾਮ ਇਸ ਗੋਲੀਕਾਂਡ ਵਿੱਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਹੁਣ ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖਰ ਏ ਕੌਮ ਅਤੇ ਪੰਥ ਰਤਨ ਦਾ ਸਨਮਾਨ ਵਾਪਸ ਲੈਣ ਦੀ ਮੰਗ ਉੱਠ ਖੜੀ ਹੈ। ਇਸ ਸਬੰਧੀ ਬਰਨਾਲਾ ਦੇ ਭਦੌੜ ਤੋਂ ਐਸਜੀਪੀਸੀ ਮੈਂਬਰ ਬਲਦੇਵ ਸਿੰਘ ਚੂੰਘਾਂ ਨੇ ਇਹ ਆਵਾਜ਼ ਉਠਾਈ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ:ਜੱਥੇਦਾਰ ਚੂੰਘਾਂ ਨੇ ਕਿਹਾ ਕਿ 1978 ਵਿੱਚ ਵਾਪਰੇ ਨਿਰੰਕਾਰੀ ਕਾਂਡ ਤੋਂ ਲੈ ਕੇ ਹੁਣ ਤੱਕ ਪ੍ਰਕਾਸ਼ ਸਿੰਘ ਬਾਦਲ ਸਿੱਖ ਕੌਮ ਨਾਲ ਗੱਦਾਰੀਆਂ ਕਰਦਾ ਆਇਆ ਹੈ। 2015 ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਅਤੇ ਸੁਖਬੀਰ ਸਿੰਘ ਬਾਦਲ ਦੇ ਉੱਪ ਮੁੱਖ ਮੰਤਰੀ ਹੁੰਦਿਆਂ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਇਸ ਬੇਅਦਬੀ ਦੇ ਦੋਸ਼ੀਆਂ ਉੱਤੇ ਕਾਰਵਾਈ ਦੀ ਮੰਗ ਕਰਦੀ ਸੰਗਤ ਉੱਪਰ ਬਾਦਲ ਸਰਕਾਰ ਦੀ ਪੁਲਿਸ ਨੇ ਗੋਲੀ ਚਲਾਈ। ਦੋ ਥਾਵਾਂ ਉੱਤੇ ਚੱਲੀ ਗੋਲੀ ਵਿੱਚ ਦੋ ਸਿੱਖ ਸ਼ਹੀਦ ਕੀਤੇ ਗਏ, ਜਿਸ ਲਈ ਸਿੱਧੇ ਤੌਰ ਉੱਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਜਿੰਮੇਵਾਰ ਹਨ। ਜਥੇਦਾਰ ਚੂੰਘਾਂ ਨੇ ਕਿਹਾ ਕਿ ਸਿੱਖਾਂ ਨੂੰ ਬੇਅਦਬੀ ਦਾ ਇਨਸਾਫ਼ ਦੇਣ ਦੀ ਥਾਂ ਬਾਦਲ ਪਿਉ ਪੁੱਤ ਨੇ ਡੇਰਾ ਸਿਰਸਾ ਮੁਖੀ ਅਤੇ ਉਸਦੇ ਚੇਲਿਆਂ ਦਾ ਪੱਖ ਪੂਰਿਆ। ਸਰਕਾਰ ਨੇ ਡੇਰਾ ਸਿਰਸਾ ਮੁਖੀ ਦੀਆਂ ਫਿਲਮਾਂ ਦੇ ਪੋਸਟਰਾਂ ਤੱਕ ਨੂੰ ਸੁੁਰੱਖਿਆ ਮੁਹੱਈਆ ਕਰਵਾਈ। ਜਿਸ ਕਰਕੇ ਇਹਨਾਂ ਨੇ ਹਮੇਸ਼ਾ ਸਿੱਖ ਕੌਮ ਨਾਲ ਗੱਦਾਰੀਆਂ ਹੀ ਕੀਤੀਆਂ ਹਨ।