ਬਰਨਾਲਾ: ਜ਼ਿਲ੍ਹੇ ਵਿੱਚ ਇੱਕ ਮੁਲਜ਼ਮ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਪੁਲਿਸ ਵਿੱਚ ਹਫ਼ੜਾ-ਦਫੜੀ ਮੱਚ ਗਈ ਹੈ। ਮੁਲਜ਼ਮ ਨੂੰ ਕਾਬੂ ਕਰਨ ਵਾਲੇ ਥਾਣਾ ਧਨੌਲਾ ਦੇ 4 ਪੁਲਿਸ ਮੁਲਾਜ਼ਮਾਂ ਸਮੇਤ ਆਰਜ਼ੀ ਤੌਰ 'ਤੇ ਏਕਾਂਤਵਾਸ ਕੇਂਦਰ ਬਣਾਈ ਗਈ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਪੱਖੋ-ਕੈਂਚੀਆਂ ਚੌਂਕੀ ਦੇ 13 ਪੁਲਿਸ ਮੁਲਾਜ਼ਮਾਂ ਅਤੇ ਚੌਂਕੀ ਵਿੱਚ ਰੱਖੇ ਗਏ 9 ਹੋਰ ਮੁਲਜ਼ਮਾਂ ਨੂੰ ਵੀ ਏਕਾਂਤਵਾਸ ਕੀਤਾ ਗਿਆ ਹੈ। ਏਕਾਂਤਵਾਸ ਕੀਤੇ ਗਏ ਕੁੱਲ 17 ਪੁਲਿਸ ਮੁਲਾਜ਼ਮਾਂ ਅਤੇ 9 ਮੁਲਜ਼ਮ ਹਵਾਲਾਤੀਆਂ ਸਮੇਤ ਕੁੱਲ 26 ਲੋਕਾਂ ਨੂੰ ਏਕਾਂਤਵਾਸ ਕੀਤਾ ਗਿਆ ਹੈ। ਜਿਨ੍ਹਾਂ ਦੀ ਸੈਂਪਲਿੰਗ ਕੀਤੀ ਗਈ ਸੀ।
ਇਸ ਸਬੰਧੀ ਸਿਵਲ ਸਰਜਨ ਬਰਨਾਲਾ ਡਾ.ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਬਰਨਾਲਾ ਪੁਲਿਸ ਵਲੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਦੇ ਕੋਰੋਨਾ ਵਾਸਤੇ ਸੈਂਪਲ ਲਏ ਗਏ ਸਨ, ਜਿਸ ਤੋਂ ਬਾਅਦ ਉਸ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਉਨ੍ਹਾਂ ਦੱਸਿਆ ਮੁਲਜ਼ਮ ਦੀ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਉਸ ਦੇ ਸੰਪਰਕ ਵਿੱਚ ਆਉਣ ਵਾਲੇ 4 ਪੁਲਿਸ ਮੁਲਾਜ਼ਮਾਂ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ।