ਬਰਨਾਲਾ :ਵਿਧਾਨ ਸਭਾ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਵਲੋਂ ਸ਼ਹਿਣਾ ਪਿੰਡ ਦੇ ਸਰਪੰਚ ਦੇ ਬੇਟੇ ਨੂੰ ਥੱਪੜ ਮਾਰਨ ਦੀ ਦਿੱਤੀ ਧਮਕੀ ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ। ਇਸ ਮਾਮਲੇ ਨੂੰ ਲੈ ਕੇ ਪੰਚਾਇਤ ਯੂਨੀਅਨ ਦੀ ਅਗਵਾਈ ਵਿਚ ਡੀਸੀ ਦਫ਼ਤਰ ਬਰਨਾਲਾ ਵਿਖੇ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਧਰਨੇ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਵੱਖ-ਵੱਖ ਰਾਜਸੀ, ਧਾਰਮਿਕ, ਸਮਾਜਿਕ, ਸੰਘਰਸ਼ੀਲ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪੰਚਾਇਤੀ ਨੁਮਾਇੰਦੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਅਤੇ ਵਿਧਾਇਕ ਲਾਭ ਸਿੰਘ ਉੱਗੋਕੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ।
ਆਪ ਆਗੂਆਂ ਦੇ ਹੰਕਾਰ ਨੂੰ ਜ਼ਾਹਰ ਕਰ ਰਹੀ ਐ ਇਹ ਘਟਨਾ :ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਹਲਕਾ ਭਦੌੜ ਇਹ ਘਟਨਾ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਹੰਕਾਰ ਨੂੰ ਜੱਗ ਜ਼ਾਹਰ ਕਰ ਰਹੀ ਹੈ। ਵਿਧਾਇਕ ਉਗੋਕੇ ਨੇ ਥੱਪੜ ਮਾਰਨ ਦੀ ਧਮਕੀ ਦੇ ਕੇ ਸੁਖਵਿੰਦਰ ਸਿੰਘ, ਸ਼ਹਿਣਾ ਪਿੰਡ ਦੀ ਸਰਪੰਚ ਸਮੇਤ ਸਮੁੱਚੇ ਪੰਜਾਬ ਦੇ ਸਰਪੰਚਾਂ ਦਾ ਨਿਰਾਦਰ ਕੀਤਾ ਹੈ। ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕਾਂਗਰਸ ਦੀ ਸਰਕਾਰ ਆਉਣ ਤੇ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਜੇਲ ਵਿੱਚ ਡੱਕਿਆ ਜਾਵੇਗਾ। ਉਹਨਾਂ ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਵੀ ਖੜ੍ਹੇ ਕੀਤੇ। ਖੈਹਰਾ ਨੇ ਕਿਹਾ ਕਿ ਵੀਆਈਪੀ ਕਲਚਰ ਦੇ ਵਿਰੁੱਧ ਆਵਾਜ਼ ਉਠਾਉਣ ਵਾਲੇ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਪਰਿਵਾਰ ਇਕ ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਲੈ ਕੇ ਘੁੰਮ ਰਿਹਾ ਹੈ। ਆਪ ਪਾਰਟੀ ਦਾ ਇੱਕ ਵੀ ਵਿਧਾਇਕ ਬਗੈਰ ਸਕਿਓਰਟੀ ਪਿੰਡਾਂ ਵਿੱਚ ਨਹੀਂ ਜਾ ਸਕਦਾ।