ਇੰਸਟਾਗ੍ਰਾਮ 'ਤੇ ਫਰਜ਼ੀ ਆਈਡੀ ਬਣਾ ਕੇ ਲੱਖਾਂ ਦੀ ਠੱਗੀ, 3 ਗ੍ਰਿਫਤਾਰ ਅੰਮ੍ਰਿਤਸਰ: ਅਜਨਾਲਾ ਪੁਲਿਸ ਵਲੋਂ ਸੋਸ਼ਲ ਮੀਡੀਆਂ ਉੱਤੇ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਹ ਠੱਗ ਇੰਸਟਾਗ੍ਰਾਮ ਉੱਤੇ ਦੇਸੀ ਪਿਸਤੌਲਾਂ ਦੀਆਂ ਫੋਟੋਆਂ ਅਪਲੋਡ ਕਰਦੇ ਅਤੇ ਵੇਚਣ ਦੇ ਨਾਮ ਉੱਤੇ ਠੱਗੀ ਕਰਦੇ। ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਵੀ ਹਾਸਿਲ ਕੀਤਾ ਗਿਆ।
ਹੁਣ ਤੱਕ 15 ਲੱਖ ਦੀ ਮਾਰੀ ਠੱਗੀ: ਸਾਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਇੰਚਾਰਜ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਸਾਨੂੰ ਇਸ ਠੱਗੀ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਸਨ। ਇੱਕ ਗੁਪਤ ਸੂਚਨਾ ਦੇ ਆਧਾਰ ਉੱਤੇ ਕਾਰਵਾਈ ਕਰਦੇ ਹੋਏ, ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮੁਲਜ਼ਮ ਗੈਂਗਸਟਰਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਫੋਲੋ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਉਂਦੇ ਸਨ। ਹੁਣ ਤੱਕ ਧੋਖੇਬਾਜ਼ 15 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰ ਚੁੱਕੇ ਹਨ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ, ਤਾਂ ਜੋ ਪੁਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋ ਸਕਣ।
ਦਰਅਸਲ, ਪਿਛਲੇ ਕਈ ਸਾਲਾਂ ਤੋਂ ਇਹ ਤਿੰਨੇ ਮੁਲਜ਼ਮ ਸੋਸ਼ਲ ਮੀਡੀਆ 'ਤੇ ਗੈਂਗਸਟਰਾਂ ਨੂੰ ਫੋਲੋ ਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਦੇਖ ਕੇ ਆਪਣਾ ਨਿਸ਼ਾਨਾ ਬਣਾਉਂਦੇ ਸਨ ਅਤੇ ਉਨ੍ਹਾਂ ਨੂੰ ਇੰਟਰਨੈੱਟ ਤੋਂ ਡਾਊਨਲੋਡ ਕੀਤੇ ਦੇਸੀ ਕੱਟਿਆਂ ਦੀਆਂ ਤਸਵੀਰਾਂ ਦਿਖਾਉਂਦੇ ਸਨ ਅਤੇ ਫਿਰ ਪੈਸੇ ਮੰਗਦੇ ਸਨ। ਪੁਲਿਸ ਮੁਤਾਬਕ ਇਹ ਮੁਲਜ਼ਮ ਆਮ ਤੌਰ 'ਤੇ ਬਾਹਰਲੇ ਰਾਜਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਰਹੇ।
ਜਾਅਲੀ ਖਾਤੇ ਵੀ ਖੋਲ੍ਹੇ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਅਜਨਾਲਾ ਦੇ ਇੰਚਾਰਜ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਨਦੀਪ ਸਿੰਘ ਵਾਸੀ ਪਿੰਡ ਬੋਹਲੀਆ, ਜਤਿੰਦਰਪਾਲ ਸਿੰਘ ਵਾਸੀ ਪਿੰਡ ਜੱਸਾ, ਜਸਬੀਰ ਸਿੰਘ ਵਾਸੀ ਪਿੰਡ ਮੱਕੋਵਾਲ ਨੇ ਗਿਰੋਹ ਬਣਾਇਆ ਹੋਇਆ ਹੈ। ਇਸ ਨਾਲ ਉਹ ਪਿਛਲੇ ਕਈ ਸਾਲਾਂ ਤੋਂ ਇੰਸਟਾਗ੍ਰਾਮ 'ਤੇ ਫਰਜ਼ੀ ਆਈਡੀ ਬਣਾ ਕੇ ਗੈਂਗਸਟਰਾਂ ਨੂੰ ਫੋਲੋ ਕਰਨ ਵਾਲੇ ਲੋਕਾਂ ਨਾਲ ਸੰਪਰਕ ਕਰਦੇ ਸਨ, ਦੇਸੀ ਪਿਸਤੌਲਾਂ ਦੀਆਂ ਤਸਵੀਰਾਂ ਆਨਲਾਈਨ ਡਾਊਨਲੋਡ ਕਰਦੇ ਸਨ, ਉਨ੍ਹਾਂ ਨੂੰ ਭੇਜਦੇ ਸਨ, ਐਡਵਾਂਸ ਪੈਸੇ ਮੰਗਦੇ ਸਨ, ਉਨ੍ਹਾਂ ਨੂੰ ਬਲਾਕ ਕਰਦੇ ਸਨ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਅਨੁਸਾਰ ਉਹ ਹੁਣ ਤੱਕ 15 ਲੱਖ ਰੁਪਏ ਤੋਂ ਵੱਧ ਦੀ ਵਸੂਲੀ ਕਰ ਚੁੱਕੇ ਹਨ, ਉਨ੍ਹਾਂ ਨੇ ਕਈ ਲੋਕਾਂ ਨਾਲ ਧੋਖਾਧੜੀ ਕੀਤੀ ਹੈ ਅਤੇ ਵੱਖ-ਵੱਖ ਬੈਂਕਾਂ ਵਿੱਚ ਜਾਅਲੀ ਖਾਤੇ ਵੀ ਖੋਲ੍ਹੇ ਹੋਏ ਹਨ, ਜਿਨ੍ਹਾਂ ਤੋਂ ਉਹ ਪੈਸੇ ਲੈਂਦੇ ਸਨ। ਥਾਣਾ ਮੁਖੀ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਕੋਲੋਂ ਕਰੀਬ 60,500 ਰੁਪਏ ਬਰਾਮਦ ਕੀਤੇ ਗਏ ਹਨ। ਮਾਮਲੇ ਦੀ ਜਾਂਚ ਅੱਗੇ ਵੀ ਜਾਰੀ ਹੈ।