ਅੰਮ੍ਰਿਤਸਰ: ਸ਼ਹੀਦਾਂ ਦੇ ਸਮਾਰਕ ਜਲ੍ਹਿਆਂਵਾਲਾ ਬਾਗ਼ ਦਾ ਕੇਂਦਰ ਦੀ ਸਰਕਾਰ ਵੱਲੋਂ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ। ਇਸ ਨਵੀਨੀਕਰਨ ਮੌਕੇ ਸਿੱਖ ਗੁਰੂਆਂ ਅਤੇ ਸ਼ਹੀਦਾਂ ਦੀਆਂ ਫੋਟੋਆਂ ਦੇ ਨਾਲ ਔਰਤਾਂ ਦੀਆਂ ਕੁਝ ਇਤਰਾਜ਼ਯੋਗ (ਨਗਨ) ਤਸਵੀਰਾਂ ਸੋਸ਼ਲ ਸਾਈਟਾਂ 'ਤੇ ਵਾਇਰਲ ਹੋਈਆਂ। ਜਦੋਂ ਇਸ ਸਬੰਧੀ ਲੋਕਾਂ ਵੱਲੋਂ ਰੋਸ ਜ਼ਾਹਰ ਕੀਤਾ ਗਿਆ ਤਾਂ ਇਹ ਫੋਟੋਆਂ ਉਥੋਂ ਹਟਾ ਦਿੱਤੀਆਂ ਗਈਆਂ।
ਸ਼ਹੀਦਾਂ ਦੀਆਂ ਫੋਟੋਆਂ ਨਾਲ ਅਸ਼ਲੀਲ ਤਸਵੀਰਾਂ ਲਾਉਣ ਵਾਲਿਆਂ 'ਤੇ ਹੋਵੇ ਦੇਸ਼ ਧ੍ਰੋਹ ਦਾ ਪਰਚਾ ਇਸ ਸਬੰਧੀ ਜਦੋਂ ਜੋਧਪੁਰ ਮੁੜ ਵਸੇਬਾ ਕਮੇਟੀ ਦੇ ਆਗੂ ਸਤਨਾਮ ਸਿੰਘ ਕਾਹਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲ੍ਹਿਆਂਵਾਲੇ ਬਾਗ਼ ਵਿੱਚ ਅਨੇਕਾਂ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ ਅਤੇ ਅਜਿਹੀ ਪਵਿੱਤਰ ਜਗ੍ਹਾ ਉੱਤੇ ਇਤਰਾਜ਼ਯੋਗ ਤਸਵੀਰਾਂ ਲਾਉਣੀਆਂ ਲੋਕਾਂ ਦੀਆਂ ਭਾਵਨਾਂ ਨੂੰ ਠੇਸ ਪਹੁੰਚਾਉਣਾ ਹੈ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਅਨੇਕਾਂ ਕੁਰਬਾਨੀਆਂ ਕੀਤੀਆਂ ਅਤੇ ਕੁਝ ਸਿੱਖ ਵਿਰੋਧੀ ਲੋਕ ਸਿੱਖਾਂ ਨੂੰ ਅਜਿਹੀਆਂ ਤਸਵੀਰਾਂ ਸ਼ਹੀਦਾਂ ਦੇ ਬਰਾਬਰ ਲਾ ਕੇ ਸਿੱਖ ਨੂੰ "ਚੈੱਕ" ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸਭ ਤੋਂ ਧਰਮ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਥੋੜ੍ਹੀ ਦੂਰ 'ਤੇ ਜਲ੍ਹਿਆਂਵਾਲਾ ਬਾਗ਼ ਵਿੱਚ ਨੰਗੀਆਂ ਤਸਵੀਰਾਂ ਲਾਉਣਾ ਬਰਦਾਸ਼ਤ ਨਹੀਂ ਹੈ।
ਭਾਈ ਕਾਹਲੋਂ ਨੇ ਕਿਹਾ ਕਿ ਜੇ ਸਿੱਖ ਤੁਰੇ ਜਾਂਦੇ ਕਿਸੇ ਤਸਵੀਰ ਨੂੰ ਹੱਥ ਲਾ ਦਿੰਦੇ ਹਨ ਤਾਂ ਉਨ੍ਹਾਂ ਤੇ ਤੁਰੰਤ ਪਰਚਾ ਦਰਜ ਹੋ ਜਾਂਦਾ ਹੈ ਤੇ ਫਿਰ ਇਨ੍ਹਾਂ ਲੋਕਾਂ ਨੂੰ ਮਾਫ਼ੀ ਕਿਉਂ ? ਉਨ੍ਹਾਂ ਕਿਹਾ ਕਿ ਨੰਗੀਆਂ ਤਸਵੀਰਾਂ ਲਾਉਣਾ ਸਾਡਾ ਇਤਿਹਾਸ ਨਹੀਂ,ਇਹ ਉਨ੍ਹਾਂ ਲੋਕਾਂ ਦਾ ਇਤਿਹਾਸ ਹੋਵੇਗਾ, ਜਿਨ੍ਹਾਂ ਨੇ ਲਾਈਆਂ ਹਨ,ਉਹ ਬਲਾਤਕਾਰੀ ਵੀ ਹੋ ਸਕਦੇ ਹਨ ਪਰ ਸਿੱਖ ਤਾਂ ਉਨ੍ਹਾਂ ਦੀਆਂ ਧੀਆਂ ਭੈਣਾਂ ਛੁਡਾਉਂਦੇ ਰਹੇ ਹਨ।
ਕਾਹਲੋਂ ਨੇ ਕਿਹਾ ਕਿ ਇਹ ਤਸਵੀਰਾਂ ਲਾਉਣ ਵਾਲਿਆਂ ਉੱਪਰ ਦੇਸ਼ਧ੍ਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ, ਜੇਕਰ ਕੋਈ ਵੀ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਤਾਂ ਸਿੱਖ ਸਟੂਡੈਂਟ ਫੈੱਡਰੇਸ਼ਨ, ਜੋਧਪੁਰ ਮੁੜ ਵਸੇਬਾ ਕਮੇਟੀ ਅਤੇ ਦਮਦਮੀ ਟਕਸਾਲ ਵੱਲੋਂ ਹਮਖਿਆਲੀ ਪਾਰਟੀਆਂ ਨੂੰ ਨਾਲ ਲੈ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਪ੍ਰੋਗਰਾਮ ਬਣਾਉਣਗੇ।