ਅੰਮ੍ਰਿਤਸਰ: ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਕਾਹਲੋਂ ਨੇ ਮਹਾਨ ਸਿੱਖ ਜਰਨੈਲ ਸ਼ਾਮ ਸਿੰਘ ਅਟਾਰੀ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਉਹ ਯੋਧਾ ਹੋਏ ਹਨ ਜਿਨ੍ਹਾਂ ਨੇ ਸਿੱਖ ਫੌਜਾਂ ਨੂੰ ਕਈ ਜੰਗਾਂ ਵਿੱਚ ਫਤਿਹ ਦਿਵਾਈ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਸ਼ਾਮ ਸਿੰਘ ਅਟਾਰੀ ਸਭਰਾਵਾਂ ਵਿਖੇ ਅੰਗਰੇਜ਼ਾਂ ਨਾਲ ਅਖ਼ੀਰਲੀ ਜੰਗ ਲੜਣ ਜਾ ਰਹੇ ਸਨ ਤਾਂ ਉਹ ਬਹੁਤ ਖੁਸ਼ ਸਨ। ਉਨ੍ਹਾਂ ਦੀ ਪਤਨੀ ਨੇ ਇਸ ਖੁਸ਼ੀ ਦਾ ਕਾਰਨ ਪੁੱਛਿਆ ਤਾਂ ਸ਼ਾਮ ਸਿੰਘ ਅਟਾਰੀ ਨੇ ਕਿਹਾ ਕਿ ਬੰਦੇ ਦੀ ਜ਼ਿੰਦਗੀ ਵਿੱਚ ਤਿੰਨ ਇਸ਼ਨਾਨ ਹੁੰਦੇ ਹਨ ਜਨਮ ਵੇਲੇ, ਵਿਆਹ ਵੇਲੇ ਤੇ ਮੌਤ ਵੇਲੇ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਖੁਸ਼ੀ ਇਸ ਕਰਕੇ ਕਿ ਉਹ ਸ਼ਹੀਦੀ ਦੇਣ ਜਾ ਰਹੇ ਹਨ।
ਸਤਨਾਮ ਸਿੰਘ ਕਾਹਲੋਂ ਨੇ ਦੱਸਿਆ ਕਿ ਜਦੋਂ ਸ਼ਾਮ ਸਿੰਘ ਅਟਾਰੀ ਦੀ ਪਤਨੀ ਨੇ ਉਨ੍ਹਾਂ ਦੇ ਜਾਣ ਤੋਂ ਪਹਿਲਾਂ ਯਾਦਗਰ ਦੇ ਤੌਰ 'ਤੇ ਕੋਈ ਨਿਸ਼ਾਨੀ ਮੰਗੀ ਤਾਂ ਉਨ੍ਹਾਂ ਨੇ ਆਪਣੀ ਮਿਆਨ ਵਿਚੋਂ ਕਿਰਪਾਨ ਕੱਢ ਕੇ ਮਿਆਨ ਆਪਣੀ ਪਤਨੀ ਨੂੰ ਦੇ ਦਿੱਤੀ, ਜੋ ਅੱਜ ਵੀ ਸ਼ਾਮ ਸਿੰਘ ਅਟਾਰੀ ਦੀ ਯਾਦ ਦਿਵਾਉਂਦੀ ਹੈ। ਉਨ੍ਹਾਂ ਦੇ ਸਮਾਰਕ 'ਤੇ ਆ ਕੇ ਪਤਾ ਲਗਦਾ ਹੈ ਕਿ ਕਿਵੇਂ ਸੂਰਮੇ ਵੱਲੋਂ ਹੱਕ ਸੱਚ ਦੀ ਲੜਾਈ ਲਈ ਸ਼ਹੀਦੀ ਦਿੱਤੀ ਅਤੇ ਸਿੱਖ ਕੌਮ ਨੂੰ ਮਾਣਮੱਤੇ ਇਤਿਹਾਸ 'ਤੇ ਮਾਣ ਹੁੰਦਾ ਹੈ।