ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ (Asha workers and facilitators) ਦੀਆਂ ਵਾਜਬ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਅਤੇ ਉਨ੍ਹਾਂ ਨੂੰ ਲਗਾਤਾਰ ਖ਼ੱਜਲ-ਖ਼ੁਆਰ ਕਰਨ ਵਿਰੁੱਧ ਕੀਤੇ ਜਾ ਰਹੇ ਵੱਖ-ਵੱਖ ਸੰਘਰਸ਼ਾਂ ਨੂੰ ਇੱਕਜੁੱਟ ਕੀਤਾ ਗਿਆ ਹੈ। ‘ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ (Asha workers and facilitators) ਦੇ ਸਾਂਝੇ ਮੋਰਚੇ' ਵੱਲੋਂ ਉੱਪ ਮੁੱਖ ਮੰਤਰੀ ਓ.ਪੀ. ਸੋਨੀ (Deputy Chief Minister O.P. Sony) ਦੇ ਘਰ ਦਾ ਬਾਹਰ ਪੱਕਾ ਮੋਰਚਾ ਲਗਾਇਆ ਗਿਆ ਹੈ। ਇਸ ਮੌਕੇ ਵਿੱਚ ਵੱਡੀ ਗਿਣਤੀ ਵਿੱਚ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਵੱਲੋਂ ਸ਼ਿਰਕਤ ਕੀਤੀ ਗਈ ਹੈ। ਇਹ ਮੋਰਚਾ ਪਿਛਲੇ 2 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ।
ਮੋਰਚੇ ਦੇ ਪਹਿਲੇ ਦਿਨ ਇਕੱਠੀਆਂ ਹੋਈਆਂ ਹਜ਼ਾਰਾਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਫਰਵਰੀ 2017 ਵਿੱਚ ਕਾਂਗਰਸ ਪਾਰਟੀ (Congress Party) ਨੇ ਆਪਣੇ ਚੋਣ ਮੈਨੀਫੈਸਟੋ (Election Manifesto) ਵਿੱਚ ਵਾਅਦਾ ਕੀਤਾ ਸੀ ਕਿ ਪੰਜਾਬ ਅੰਦਰ ਉਨ੍ਹਾਂ ਦੀ ਸਰਕਾਰ ਬਣਦਿਆਂ ਹੀ ਪੰਜਾਬ ਦੇ ਸਾਰੇ ਕੱਚੇ ਅਤੇ ਠੇਕਾ ਮੁਲਾਜ਼ਮਾਂ ਨੂੰ 2 ਮਹੀਨਿਆਂ ਵਿੱਚ ਪੱਕਾ ਕੀਤਾ ਜਾਵੇਗਾ ਅਤੇ ਆਸ਼ਾ ਵਰਕਰਾਂ ਤੇ ਵੈਸਿਲੀਟੇਟਰਾਂ (Asha workers and facilitators) ਸਮੇਤ ਸਾਰੇ ਮਾਣ ਭੱਤਾ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤਾਂ ਦਿੱਤੀਆਂ ਜਾਣਗੀਆਂ, ਪਰ ਸਰਕਾਰ ਦੇ ਗਠਨ ਤੋਂ ਬਾਅਦ ਨਾ ਤਾਂ ਪਹਿਲੇ ਸਾਢੇ ਚਾਰ ਸਾਲ ਕੈਪਟਨ ਸਰਕਾਰ ਨੇ ਅਤੇ ਨਾ ਹੀ ਹੁਣ ਚੰਨੀ ਸਰਕਾਰ (Channi government) ਨੇ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੀ ਕੋਈ ਸਾਰ ਲਈ ਹੈ।