ਅੰਮ੍ਰਿਤਸਰ :ਕੋਰੋਨਾ ਦਾ ਕਹਿਰ ਮੁੜ ਪਰਤਨ 'ਤੇ ਜਿੱਥੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਉਥੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਵਿੱਚ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਅਜਨਾਲਾ ਦੇ ਪਿੰਡ ਧੰਗਾਈ ਦਾ ਹੈ ਜਿੱਥੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਥਾਲੀਆਂ ਖੜਕਾ ਕੇ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ।
ਇਸ ਸਬੰਧੀ ਵਿਦਿਆਰਥੀਆਂ ਨੇ ਕਿਹਾ ਕਿ ਪਿਛਲੇ ਸਾਲ ਵੀ ਉਨ੍ਹਾਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਇਸ ਵਾਰ ਵੀ ਲਗਦਾ ਹੈ ਕਿ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਜਲਦ ਸਕੂਲ ਖੋਲ੍ਹੇ ਜਾਣ।
ਲੋਕਾਂ ਵੱਲੋਂ ਥਾਲੀਆਂ ਖੜਕਾ ਕੇ ਸਕੂਲ ਖੋਲ੍ਹਣ ਦੀ ਮੰਗ ਇਸ ਸਬੰਧੀ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਇਕ ਪਾਸੇ ਸਰਕਾਰ ਕੋਰੋਨਾ ਦਾ ਬਹਾਨਾ ਬਣਾ ਸਕੂਲ ਬੰਦ ਕਰ ਰਹੀ ਹੈ ਦੂਜੇ ਪਾਸੇ ਪੰਜਾਬ ਭਰ ਵਿੱਚ ਸਿਆਸੀ ਰੈਲੀਆਂ ਹੋ ਰਹੀਆਂ ਹਨ ਜਿਨ੍ਹਾਂ ਤੋਂ ਸਾਫ ਲਗਦਾ ਹੈ ਕਿ ਸਰਕਾਰ ਬੱਚਿਆਂ ਦੇ ਭਵਿੱਖ ਨੂੰ ਖਰਾਬ ਕਰਨਾ ਚਾਹੁੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਕੂਲਾਂ ਨੂੰ ਜਲਦ ਖੋਲ੍ਹਿਆ ਜਾਵੇ।
ਦੱਸ ਦਈਏ ਕਿ ਕੋਰੋਨਾ ਦੀ ਪਹਿਲੀ ਟਰਮ ਦੌਰਾਨ ਪੰਜਾਬ ਸਰਕਾਰ ਨੇ 22 ਮਾਰਚ 2020 ਨੂੰ ਪੰਜਾਬ ਭਰ ਵਿੱਚ ਕਰਫ਼ਿਊ ਦਾ ਐਲਾਨ ਕਰਦਿਆਂ ਸਭ ਤੋਂ ਪਹਿਲਾਂ ਸਕੂਲ ਅਤੇ ਕਾਲਜਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ, ਪਰ ਕਾਫ਼ੀ ਸਮਾਂ ਜਦੋਂ ਬੱਚੇ ਸਕੂਲ ਨਾ ਗਏ ਤਾਂ ਸਰਕਾਰ ਨੇ ਆਨਲਾਈਨ ਪੜ੍ਹਾਈ ਦੀ ਵਿਵਸਥਾ ਲਾਗੂ ਕਰਵਾਈ। ਆਨਲਾਈਨ ਵਿਵਸਥਾ ਨਾਲ ਭਾਵੇਂ ਵਿਦਿਆਰਥੀਆਂ ਦੇ ਅਧਿਆਪਕ ਉਨ੍ਹਾਂ ਦੀਆਂ ਕਲਾਸਾਂ ਤਾਂ ਲੈਂਦੇ ਸਨ ਪਰ ਵਿਦਿਆਰਥੀਆਂ ਤੇ ਮਾਪਿਆਂ ਦਾ ਕਹਿਣਾ ਸੀ ਕਿ ਜੋ ਪੜ੍ਹਾਈ ਆਫਲਾਈਨ ਕਰਵਾਈ ਜਾ ਸਕਦੀ ਹੈ ਉਹ ਆਫ਼ਲਾਈਨ ਨਹੀਂ ਹੋ ਸਕਦੀ। ਹੁਣ ਫਿਰ ਪੜ੍ਹਾਈ ਦੇ ਦਿਨਾਂ ਵਿੱਚ ਸਕੂਲ ਬੰਦ ਕਰਨ ਨੂੰ ਲੈ ਕੇ ਵਿਦਿਆਰਥੀਆਂ ਅਤੇ ਮਾਪਿਆਂ 'ਚ ਰੋਸ ਪਾਇਆ ਜਾ ਰਿਹਾ ਹੈ।