ਅੰਮ੍ਰਿਤਸਰ : ਜਿਵੇਂ ਜਿਵੇਂ ਦਾ ਚੋਣਾਂ ਦਾ ਦਿਨ ਨਜ਼ਦੀਕ ਆ ਰਿਹਾ ਹੈ , ਸਿਆਸੀ ਪਾਰਟੀਆਂ ਵਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਸੀਟਾਂ 'ਤੇ ਮੁਕਾਬਲਾ ਬਹੁਤ ਹੀ ਦਿਲਚਸਪ ਦੇਖਣ ਨੂੰ ਮਿਲ ਸਕਦਾ ਹੈ। ਇਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਵਲੋਂ ਅੰਮ੍ਰਿਤਸਰ ਪੂਰਬੀ ਸੀਟ 'ਤੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਵਲੋਂ ਬਿਕਰਮ ਸਿੰਘ ਮਜੀਠੀਆ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਜਿਸ ਦੇ ਚੱਲਦਿਆਂ ਅੰਮ੍ਰਿਤਸਰ ਪੂਰਬੀ ਸੀਟ 'ਤੇ ਨਵਜੋਤ ਸਿੱਧੂ ਖਿਲਾਫ਼ ਅਕਾਲੀ ਦਲ ਦੇ ਬਿਕਰਮ ਮਜੀਠੀਆ ਚੋਣ ਲੜਨ ਜਾ ਰਹੇ ਹਨ। ਇਸ ਦਾ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜੰਡਿਆਲਾ ਹਲਕੇ ਤੋਂ ਸਤਿੰਦਰ ਸਿੰਘ ਨੂੰ ਉਮੀਦਵਾਰ ਐਲਾਨਿਆ। ਇਸ ਦੇ ਨਾਲ ਹੀ ਰਸਮੀ ਤੌਰ ’ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਵੀ ਲੰਬੀ ਹਲਕੇ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ।
ਇਸ ਨੂੰ ਲੈਕੇ ਬਿਕਰਮ ਸਿੰਘ ਮਜੀਠੀਆ ਨੇ ਟੇਵੀਟ ਕਰਦਿਆਂ ਕਿਹਾ ਕਿ ਮੈਨੂੰ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਲੜਨ ਦਾ ਮੌਕਾ ਦੇਣ ਲਈ ਮੈਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰਦਾ ਹਾਂ। ਅਕਾਲੀਆਂ ਦਾ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਅਤੇ ਉਹਨਾਂ ਨੂੰ ਪੰਜਾਬ ਵਿਰੋਧੀ ਅਨਸਰਾਂ ਤੋਂ ਬਚਾਉਣ ਲਈ ਲੜਨ ਦਾ ਬਹਾਦਰੀ ਭਰਿਆ ਇਤਿਹਾਸ ਰਿਹਾ ਹੈ।
ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਨਵਜੋਤ ਸਿੱਧੂ ਹੁਣ ਤਿਆਰ ਹੋ ਜਾਣ ਕਿਉਂਕਿ ਮਾਝੇ ਦਾ ਜਰਨੈਲ ਉਨ੍ਹਾਂ ਖ਼ਿਲਾਫ਼ ਚੋਣ ਲੜਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਦੇ ਖ਼ਿਲਾਫ਼ ਪੰਜਾਬ ਦੀ ਸਰਕਾਰ ਸਮੇਤ ਸਾਰੀਆਂ ਹੀ ਪਾਰਟੀਆਂ ਲੱਗੀਆਂ ਹਨ, ਕਿਉਂਕਿ ਮਜੀਠੀਆ ਉਨ੍ਹਾਂ ਨੂੰ ਭਜਾ ਕੇ ਰੱਖਦੇ ਹਨ ਅਤੇ ਪੰਜਾਬੀਆਂ ਦੀ ਆਵਾਜ਼ ਚੁੱਕਦੇ ਹਨ।
ਅੰਮ੍ਰਿਤਸਰ ਪੂਰਬੀ ਸੀਟ 'ਤੇ ਸਿੱਧੂ ਖਿਲਾਫ਼ ਮਜੀਠੀਆ ਲੜਨਗੇ ਚੋਣ
ਉਨ੍ਹਾਂ ਕਿਹਾ ਕਿ ਬੜਾ ਅਫ਼ਸੋਸ ਹੈ ਕਿ ਚੰਨੀ ਸਰਕਾਰ ਨੇ ਖ਼ਾਸ ਕਰਕੇ ਨਵਜੋਤ ਸਿੱਧੂ ਨੇ ਮਜੀਠੀਆ ਖ਼ਿਲਾਫ਼ ਡਰੱਗ ਦਾ ਝੂਠਾ ਕੇਸ ਦਰਜ ਕੀਤਾ। ਇਕ ਗੁਰੂ ਸਿੱਖ ਪਰਿਵਾਰ ’ਤੇ ਡਰੱਗ ਦਾ ਝੂਠਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਇਕ ਅਜਿਹੇ ਇਨਸਾਨ ਹਨ ਜੋ ਰੋਜ਼ਾਨਾ ਢਾਈ ਘੰਟੇ ਨਿਤਨੇਮ ਕਰਦੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ’ਚ ਸਿਰਫ਼ ਮੈਂ ਹੀ ਹੈ ਅਤੇ ਬਾਕੀਆਂ ਨੂੰ ਉਹ ਕੁਝ ਨਹੀਂ ਸਮਝਦੇ ਹਨ। ਉਨ੍ਹਾਂ ਕਿਹਾ ਕਿ ਹੁਣ ਚੋਣਾਂ 'ਚ ਅੰਮ੍ਰਿਤਸਰ ਹਲਕੇ ਦੀ ਜਨਤਾ ਇਨਸਾਫ਼ ਕਰੇਗੀ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਧੂ ਦਾ ਟਾਕਰਾ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਫ਼ੌਜ ਨਾਲ ਹੈ ਅਤੇ ਬਿਕਰਮ ਮਜੀਠੀਆ ਹੀ ਸਿੱਧੂ ਦੀ ਜ਼ਮਾਨਤ ਜ਼ਬਤ ਕਰਵਾਉਣਗੇ। ਇਸ ਦੇ ਨਾਲ ਹੀ ਸਿੱਧੂ ਦੇ ਹੰਕਾਰ ਨੂੰ ਵੀ ਤੋੜਿਆ ਜਾਵੇਗਾ।
ਇਹ ਵੀ ਪੜ੍ਹੋ :ਪੰਜਾਬ ’ਚ ਪਹਿਲੇ ਦਿਨ 12 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ, ਜਾਣੋ ਕਿਹੜੇ ਉਮੀਦਵਾਰ ਨੇ ਕਰੋੜਪਤੀ ?