ਪੰਜਾਬ

punjab

ETV Bharat / state

312 ਸਿੱਖਾਂ ਦੇ ਨਾਂਅ ਕਾਲੀ ਸੂਚੀ ’ਚੋਂ ਹਟਾਉਣ ਦਾ ਭਾਈ ਲੌਂਗੋਵਾਲ ਵੱਲੋਂ ਸਵਾਗਤ

ਭਾਰਤ ਸਰਕਾਰ ਨੇ 312 ਸਿੱਖਾਂ ਦੇ ਨਾਂਅ ਕਾਲੀ ਸੂਚੀ ’ਚੋਂ ਹਟਾਏ, ਜਿਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਕਰਤਾਰਪੁਰ ਲਾਂਘੇ ਲਈ ਤੈਅ ਸਰਵਿਸ ਫੀਸ ਹਟਾਉਣ ਲਈ ਪਾਕਿਸਤਾਨ ਸਰਕਾਰ ਨਾਲ ਗੱਲ ਕੀਤੀ ਜਾਵੇ।

ਫ਼ੋਟੋ

By

Published : Sep 13, 2019, 8:51 PM IST

ਅੰਮ੍ਰਿਤਸਰ: ਭਾਰਤ ਸਰਕਾਰ ਵੱਲੋਂ 312 ਸਿੱਖਾਂ ਦੇ ਨਾਂਅ ਕਾਲੀ ਸੂਚੀ ਵਿਚੋਂ ਹਟਾਉਣ ਦਾ ਭਾਈ ਲੌਂਗੋਵਾਲ ਵੱਲੋਂ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਸ਼ਲਾਘਾਯੋਗ ਫ਼ੈਸਲਾ ਹੈ ਜਿਸ ਨਾਲ ਸਮੁੱਚੇ ਸਿੱਖ ਭਾਈਚਾਰੇ ਅੰਦਰ ਖ਼ੁਸ਼ੀ ਦੀ ਲਹਿਰ ਹੈ।

ਵੇਖੋ ਵੀਡੀਓ

ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਅਤੇ ਕੇਂਦਰ ਸਰਕਾਰ ਦੇ ਫ਼ੈਸਲੇ ਨਾਲ ਪ੍ਰਭਾਵਤ ਸਿੱਖਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦੇਸ਼ਾਂ ਵਿੱਚ ਲੰਮੇ ਸਮੇਂ ਤੋਂ ਰਹਿ ਰਹੇ ਸਿੱਖਾਂ ਨੂੰ ਆਪਣੇ ਦੇਸ਼ ਆਉਣ ਦਾ ਰਾਹ ਪੱਧਰਾ ਹੋ ਗਿਆ ਹੈ। ਭਾਈ ਲੌਂਗੋਵਾਲ ਨੇ ਆਖਿਆ ਕਿ ਕਾਲੀ ਸੂਚੀ ਵਿੱਚ ਸ਼ਾਮਲ ਸਿੱਖ ਆਪਣੇ ਪਰਿਵਾਰਾਂ ਨੂੰ ਮਿਲਣ ਤੋਂ ਵੀ ਵਾਂਝੇ ਰਹੇ ਸਨ। ਹੁਣ ਉਹ ਆਪਣੇ ਪਰਿਵਾਰਾਂ ਨੂੰ ਮਿਲ ਸਕਣਗੇ ਅਤੇ ਸਭ ਤੋਂ ਵੱਡੀ ਗੱਲ ਕਿ ਆਪਣੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਉਨ੍ਹਾਂ ਇਸ ਅਹਿਮ ਫ਼ੈਸਲੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਨੂੰ ਪਾਕਿਸਤਾਨ ਸਰਕਾਰ ਵੱਲੋਂ 20 ਡਾਲਰ ਦੀ ਲਗਾਈ ਜਾ ਰਹੀ ਫੀਸ ਮੁਆਫ਼ ਕਰਨ ਦੀ ਵੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਲੰਮੇ ਅਰਸੇ ਤੋਂ ਸਿੱਖਾਂ ਦੀਆਂ ਅਰਦਾਸਾਂ ਮਗਰੋਂ ਇਹ ਲਾਂਘਾ ਖੁੱਲ੍ਹਣ ਜਾ ਰਿਹਾ ਹੈ ਅਤੇ ਇਸ ਉੱਤੇ ਕਿਸੇ ਕਿਸਮ ਦੀ ਬੰਦਿਸ਼ ਨਹੀਂ ਹੋਣੀ ਚਾਹੀਦੀ। ਸ਼ਰਧਾਲੂਆਂ ਨੂੰ ਬਿਨਾਂ ਕਿਸੇ ਫੀਸ 'ਤੇ ਆਪਣੇ ਪਾਵਨ ਅਸਥਾਨ ਦੇ ਦਰਸ਼ਨਾਂ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਪਰਿਵਾਰ ਵਾਦ ਉੱਤੇ ਪਹਿਰਾ ਦੇ ਰਹੀ ਕਾਂਗਰਸ ਸਰਕਾਰ!

ਉਨ੍ਹਾਂ ਕਿਹਾ ਕਿ ਕਿਸੇ ਵੀ ਗੁਰੂ ਘਰ ਅੰਦਰ ਸੰਗਤਾਂ ਫੀਸ ਦੇ ਕੇ ਨਹੀਂ ਜਾਂਦੀਆਂ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਵਾਪਸ ਲਿਆ ਜਾਣਾ ਚਾਹੀਦਾ ਹੈ। ਭਾਈ ਲੌਂਗੋਵਾਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਫ਼ੀਸ ਹਟਾਉਣ ਲਈ ਪਾਕਿਸਤਾਨ ਸਰਕਾਰ ਨਾਲ ਗੱਲ ਕਰਨ।

ABOUT THE AUTHOR

...view details