ਅੰਮ੍ਰਿਤਸਰ : ਮੁੰਡਿਆਂ ਤੋਂ ਬਾਅਦ ਪੰਜਾਬ ਵਿੱਚ ਕੁੜੀਆਂ ਵੀ ਕਿਸ ਕਦਰ ਨਸ਼ੇ ਦੀ ਗ੍ਰਿਫ਼ਤ ਵਿੱਚ ਫਸ ਚੁੱਕੀਆਂ ਹਨ ਅਤੇ ਪੰਜਾਬ ਵਿੱਚ ਨਸ਼ਾ ਕਿਸ ਹੱਦ ਤੱਕ ਆਪਣੇ ਪੈਰ ਪਸਾਰ ਚੁੱਕਾ ਹੈ ਇਸ ਦਾ ਅੰਦਾਜ਼ਾ ਇਸ ਤੋਂ ਲੱਗ ਜਾਂਦਾ ਹੈ ਕਿ ਅੰਮ੍ਰਿਤਸਰ ਦੀ ਰਣਜੀਤ ਐਵੀਨਿਊ ਦਾ ਇੱਕ ਪਰਿਵਾਰ ਆਪਣੀ ਹੀ ਬੇਟੀ ਨੂੰ ਸੰਗਲਾਂ ਨਾਲ ਬੰਨ ਕੇ ਰੱਖਣ ਨੂੰ ਮਜ਼ਬੂਰ ਹੈ।
ਦਰਅਸਲ ਉਹਨਾਂ ਦੀ ਲੜਕੀ ਪਿਛਲੇ ਕਈ ਸਾਲਾਂ ਤੋਂ ਨਸ਼ੇ ਦੀ ਗ੍ਰਿਫ਼ਤ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ, ਹੁਣ ਨਸ਼ਾ ਛੱਡਣਾ ਉਸ ਲਈ ਇੱਕ ਸੁਪਨਾ ਬਣ ਗਿਆ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਨਸ਼ੇ ਦੇ ਜਾਲ ਬਹੁਤ ਬੁਰੀ ਤਰ੍ਹਾਂ ਫ਼ਸ ਚੁੱਕੀ ਹੈ ਕਿ ਜਦ ਵੀ ਉਹ ਉਸ ਦੇ ਸੰਗਲ ਖੋਲ੍ਹ ਦਿੰਦੇ ਹਨ ਤਾਂ ਉਹ ਘਰੋਂ ਭੱਜ ਜਾਂਦੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁੜੀ ਦੇ ਨਸ਼ੇ ਦੀ ਪੂਰਤੀ ਲਈ ਅਸੀਂ ਆਪਣੇ ਘਰ ਦਾ ਸਮਾਨ ਵੀ ਵੇਚ ਚੁੱਕੇ ਹਾਂ।
ਪੀੜਤ ਲੜਕੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਚੰਡੀਗੜ੍ਹ ਪੜ੍ਹਦੀ ਸੀ ਤੇ ਉਥੇ ਦੋਸਤਾਂ ਦੀ ਗਲਤ ਸੰਗਤ ਵਿੱਚ ਪੈ ਗਈ, ਜਿਸ ਕਰ ਕੇ ਉਸ ਨੂੰ ਨਸ਼ੇ ਦੀ ਲੱਤ ਲੱਗ ਗਈ। ਪੀੜਤ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਜੇ ਸਰਕਾਰ ਉਸ ਦਾ ਵਧੀਆ ਢੰਗ ਨਾਲ ਇਲਾਜ਼ ਕਰਵਾਏਗੀ ਤਾਂ ਉਹ ਨਸ਼ੇ ਨੂੰ ਜ਼ਰੂਰ ਛੱਡ ਦੇਵੇਗੀ।