ਅੰਮ੍ਰਿਤਸਰ: 13 ਅਪ੍ਰੈਲ 1919 ਜ਼ਲ੍ਹਿਆਂਵਾਲਾ ਬਾਗ਼ ਸਾਕੇ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਪਰਿਵਾਰਾਂ ਵੱਲੋਂ ਬਣਾਈ ਸੰਸਥਾ ਪੰਜਾਬ ਪ੍ਰਦੇਸ਼ ਸਵਤੰਤਰਤਾ ਸੈਨਾਨੀ ਉਤਰਾਧਿਕਾਰੀ ਸੰਗਠਨ ਦੇ ਮੈਂਬਰਾਂ ਨੇ ਮੰਗਲਵਾਰ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਚਲਦਿਆਂ ਜ਼ਲ੍ਹਿਆਂਵਾਲਾ ਬਾਗ਼ ਨਾ ਖੋਲ੍ਹੇ ਜਾਣ ਵਿਰੁੱਧ ਉਥੇ ਹੀ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ। ਇਹ ਸਾਰੇ ਮੈਂਬਰ ਇਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ ਸਨ।
'ਸਰਕਾਰ ਸ਼ਹਾਦਤ ਦਾ ਮਜ਼ਾਕ ਬਣੀ ਰਹੀ'
ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਰਕਾਰ ਸ਼ਹੀਦਾਂ ਦੀ ਸ਼ਹਾਦਤ ਦਾ ਮਜ਼ਾਕ ਬਣਾ ਰਹੀ ਹੈ, ਜਿਨ੍ਹਾਂ ਦੇ ਪਰਿਵਾਰਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲਈ ਸ਼ਹਾਦਤ ਦਾ ਜਾਮ ਪੀਤਾ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਰਧਾਂਜਲੀ ਤੱਕ ਦੇਣ ਨਹੀਂ ਦਿੱਤੀ ਜਾ ਰਹੀ, ਜਿਸਦੇ ਚਲਦੇ ਸ਼ਹੀਦਾਂ ਦੇ ਪਰਿਵਾਰ ਸੜਕਾਂ ਤੇ ਬੈਠ ਸੰਘਰਸ਼ ਕਰਨ ਨੂੰ ਮਜਬੂਰ ਹਨ।
ਜ਼ਲ੍ਹਿਆਂਵਾਲਾ ਬਾਗ਼ ਨਾ ਖੋਲ੍ਹਣ ਵਿਰੁੱਧ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਪ੍ਰਦਰਸ਼ਨ ਉਨ੍ਹਾਂ ਕਿਹਾ ਕਿ ਹਰ ਸਾਲ ਇਥੇ ਸ਼ਹੀਦਾਂ ਦੀ ਯਾਦ ਵਿੱਚ ਵੱਡਾ ਸਮਾਗਮ ਕਰਵਾਇਆ ਜਾਦਾ ਸੀ ਪਰ ਇਸ ਵਾਰ ਸਰਕਾਰ ਕੋਰੋਨਾ ਮਹਾਂਮਾਰੀ ਦੇ ਬਹਾਨੇ ਸ਼ਹੀਦਾਂ ਦੇ ਇਸ ਸਮਾਰਕ ਸਥਾਨ ਨੂੰ ਬੰਦ ਕਰਕੇ ਬੈਠੀ ਹੈ।
ਉਧਰ, ਮੌਕੇ 'ਤੇ ਪੁੱਜੀ ਸੀਨੀਅਰ ਭਾਜਪਾ ਆਗੂ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਗੱਲ ਸੁਣੀ। ਉਨ੍ਹਾਂ ਕਿਹਾ ਕਿ ਮੈਂ ਬਚਪਨ ਤੋਂ ਆਪਣੇ ਬਜ਼ੁਰਗਾਂ ਦੇ ਨਾਲ ਇਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਆ ਰਹੀ ਹਾਂ ਪਰ ਪਿਛਲੇ ਦੋ ਸਾਲ ਪਹਿਲਾਂ ਵੀ ਉਪ ਰਾਸ਼ਟਰਪਤੀ ਦੇ ਦੌਰੇ ਦੌਰਾਨ ਇਥੇ ਜ਼ਲ੍ਹਿਆਂਵਾਲਾ ਬਾਗ ਅੰਦਰ ਲੋਕਾਂ ਨੂੰ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ ਇਜਾਜ਼ਤ ਨਹੀਂ ਸੀ, ਪਿਛਲੇ ਸਾਲ ਵੀ ਇਹ ਗੇਟ ਬੰਦ ਨਜਰ ਆਇਆ, ਪਰ ਇਸ ਵਾਰ ਵੀ ਅੱਜ ਜਦੋਂ ਲੋਕ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਇਸ ਪਵਿੱਤਰ ਦਿਹਾੜੇ 'ਤੇ ਇਥੇ ਪੁੱਜੇ ਹਨ, ਉਹ ਗੇਟ ਬੰਦ ਨਜਰ ਆਇਆ।
ਉਨ੍ਹਾਂ ਕਿਹਾ ਕਿ ਲੋਕ ਬਾਹਰੋਂ ਹੀ ਗੇਟ 'ਤੇ ਹਾਰ ਚੜਾ ਕੇ ਜਾ ਰਹੇ ਹਨ। ਉਨ੍ਹਾਂ ਕਿਹਾ ਅਜਾਦੀ ਤੋਂ ਬਾਅਦ ਇਹ ਪਹਿਲਾ ਦਿਨ ਹੈ ਜਦੋਂ ਲੋਕ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਨਹੀਂ ਦੇ ਸਕਦੇ, ਜੋ ਕਿ ਬੜੀ ਮਾੜੀ ਗੱਲ ਹੈ। ਉਨ੍ਹਾਂ ਕਿਹਾ ਜਿਸ ਵੀ ਸਰਕਾਰ ਨੇ ਇਹ ਦਰਵਾਜ਼ਾ ਬੰਦ ਕੀਤਾ ਹੈ ਉਸ ਲਈ ਬੜੇ ਸ਼ਰਮ ਦੀ ਗੱਲ ਹੈ ਕਿ ਅੱਜ ਦੇ ਦਿਨ 'ਤੇ ਇਹ ਦਰਵਾਜਾ ਖੋਲ੍ਹ ਦਿੰਦੇ ਲੋਕ ਆਪਣੇ ਸ਼ਹੀਦਾਂ ਨੂੰ ਤਾਂ ਨਮਨ ਕਰ ਲੈਂਦੇ।