ਜਸਕਰਨ ਸਿੰਘ ਕਾਹਨ ਸਿੰਘ ਵਾਲਾ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ: ਪਿਛਲੇ ਦਿਨੀਂ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਐਨਐਸਏ ਅਧੀਨ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਨਜ਼ਰਬੰਦ ਸਿੱਖਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਅਤੇ ਵਕੀਲਾਂ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ। ਜਿਸ ਦੇ ਚੱਲਦੇ ਉਨ੍ਹਾਂ ਵਲੋਂ ਜੇਲ੍ਹ 'ਚ ਹੀ ਭੁੱਖ ਹੜਤਾਲ ਵੀ ਰੱਖੀ ਗਈ ਸੀ। ਇਸ ਨੂੰ ਲੈਕੇ ਜਿਥੇ ਸ਼੍ਰੋਮਣੀ ਕਮੇਟੀ ਵਲੋਂ ਇਤਰਾਜ਼ ਜਤਾਉਂਦਿਆਂ ਡੀਸੀ ਅੰਮ੍ਰਿਤਸਰ ਨਾਲ ਮੁਲਾਕਾਤ ਕੀਤੀ ਗਈ ਸੀ ਤਾਂ ਉਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਵਲੋਂ ਅਸਾਮ ਜੇਲ੍ਹ 'ਚ ਨਜ਼ਰਬੰਦ ਸਿੱਖਾਂ ਨਾਲ ਅਜਹਾ ਸਲੂਕ ਕਰਨ 'ਤੇ ਇਤਰਾਜ਼ ਪ੍ਰਗਟ ਕੀਤਾ ਹੈ। (Amritpal Singh News)
ਮਨੁੱਖੀ ਅਧਿਕਾਰਾਂ ਦਾ ਉਲੰਘਣਾ: ਇਸ ਸਬੰਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ, ਜਿਸ 'ਚ ਉਨ੍ਹਾਂ ਦਾ ਕਹਿਣਾ ਕਿ ਡਿਬਰੂਗੜ੍ਹ ਜੇਲ੍ਹ ’ਚ ਨਜ਼ਰਬੰਦ ਸਿੱਖਾਂ ਦੇ ਪਰਿਵਾਰਾਂ ਅਤੇ ਵਕੀਲਾਂ ਨੂੰ ਮਿਲਣ ਤੋਂ ਰੋਕਣਾ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਹੈ। ਉਨ੍ਹਾਂ ਆਪਣੇ ਮੰਗ ਪੱਤਰ 'ਚ ਡੀਸੀ ਅੰਮ੍ਰਿਤਸਰ ਨੂੰ ਲਿਖਿਆ ਕਿ ਅਸਾਮ ਜੇਲ੍ਹ ਵੱਲੋਂ ਮੁਲਾਕਾਤ ਲਈ ਲੋੜੀਂਦੀ ਆਗਿਆ ਨਾ ਦੇ ਕੇ ਠੀਕ ਨਹੀਂ ਕੀਤਾ ਜਾ ਰਿਹਾ, ਮਨੁੱਖੀ ਅਧਿਕਾਰਾਂ ਤਹਿਤ ਹਰ ਕੈਦੀ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਕੇਸ ਦੀ ਪੈਰਵਾਈ ਕਰਨ ਵਾਲੇ ਵਕੀਲਾਂ ਦੀ ਮੁਲਾਕਾਤ ਦਾ ਹੱਕ ਦਬਾਇਆ ਨਹੀਂ ਜਾ ਸਕਦਾ।
ਇਨਸਾਫ ਲੈਣ ਲਈ ਵੀ ਭੁੱਖ ਹੜਤਾਲ:ਇਸ ਦੇ ਨਾਲ ਹੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਸਿੱਖਾਂ ਨੂੰ ਇਨਸਾਫ ਲੈਣ ਲਈ ਵੀ ਭੁੱਖ ਹੜਤਾਲ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਤੁਰੰਤ ਹਦਾਇਤ ਜਾਰੀ ਕਰੇ ਕਿ ਆਸਾਮ ਦੀ ਜੇਲ੍ਹ ’ਚ ਨਜ਼ਰਬੰਦ ਸਿੱਖਾਂ ਦੇ ਪਰਿਵਾਰਾਂ ਅਤੇ ਵਕੀਲਾਂ ਨੂੰ ਲੋੜੀਂਦੀ ਮਿਲਜ਼ ਦੀ ਇਜਾਜ਼ਤ ਦਿੱਤੀ ਜਾਵਟ। ਇਸ ਦੇ ਨਾਲ ਹੀ ਉਨ੍ਹਾਂ ਜੇਲ੍ਹ ’ਚ ਨਜ਼ਰਬੰਦ ਸਿੱਖਾਂ ਨੂੰ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਵੀ ਪੰਜਾਬ ਸਰਕਾਰ ਨੂੰ ਆਖਿਆ ਹੈ।
'ਸਰਕਾਰ ਦੀ ਨਜ਼ਰ 'ਚ ਨਸ਼ੇ ਤੋਂ ਹਟਾਉਣਾ ਮਾਹੌਲ ਖ਼ਰਾਬ': ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦਾ ਕਹਿਣਾ ਕਿ ਉਹ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਨ ਕਿ ਅੰਮ੍ਰਿਤਪਾਲ ਸਿੰਘ ਕੋਲ ਕੀ ਅਜਿਹੀ ਚੀਜ ਮਿਲੀ, ਜਿਸ ਤੋਂ ਸੂਬੇ ਨੂੰ ਖਤਰਾ ਹੋਣ ਲੱਗਾ ਤੇ ਉਸ ਨੂੰ ਐਨਐਸਏ ਲਗਾ ਕੇ ਡਿਬਰੂਗੜ੍ਹ ਜੇਲ੍ਹ 'ਚ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਕੋਲੋਂ ਨਾ ਕੋਈ ਬੰਬ ਬਰਾਮਦ ਹੋਇਆ ਤੇ ਨਾ ਹੀ ਕਿਸੇ ਤਰ੍ਹਾਂ ਦਾ ਜ਼ੁਲਮ ਕੀਤਾ ਤੇ ਨਾ ਹੀ ਕਿਸੇ ਤੋਂ ਫਿਰੌਤੀ ਮੰਗੀ ਅਤੇ ਨਾ ਹੀ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਹਟਾ ਕੇ ਸਿੱਧੇ ਰਾਹ ਪਾਇਆ ਸੀ, ਜੋ ਸ਼ਾਇਦ ਸਰਕਾਰਾਂ ਨਹੀਂ ਚਾਹੁੰਦੀਆਂ ਤੇ ਇਹ ਹੀ ਉਸ ਦੀ ਗਲਤੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਜ਼ਰ 'ਚ ਨੌਜਵਾਨਾਂ ਨੂੰ ਨਸ਼ੇ ਤੋਂ ਹਟਾਉਣਾ ਮਾਹੌਲ ਖ਼ਰਾਬ ਬਣ ਗਿਆ ਹੈ। ਜਿਸ ਦੇ ਚੱਲਦੇ ਉਹ ਡੀਸੀ ਨੂੰ ਮੰਗ ਪੱਤਰ ਦੇਣ ਆਏ ਹਨ।