ਅੰਮ੍ਰਿਤਸਰ:ਸੂਬੇ 'ਚ ਨਸ਼ਾ ਤਸਕਰੀ ਦਾ ਲੱਕ ਤੋੜਨ ਲਈ ਪੰਜਾਬ ਪੁਲਿਸ ਪੂਰਾ ਜ਼ੋਰ ਲਗਾ ਰਹੀ ਹੈ। ਇਸ ਵਿਚਾਲੇ ਅੰਮ੍ਰਿਤਸਰ ਪੁਲਿਸ ਹੱਥ ਵੱਡੀ ਸਫ਼ਲਤਾ ਹਾਸਲ ਹੋਈ ਹੈ। ਜਿਸ 'ਚ ਅੰਮ੍ਰਿਤਸਰ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਦੀ ਟੀਮ ਨੇ ਪਿਛਲੇ ਦਿਨੀਂ ਫੜੇ ਗਏ ਇੱਕ ਨਸ਼ਾ ਤਸਕਰ ਕੋਲੋਂ 28 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਜਿਸ ਸਬੰਧੀ ਖੁਦ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ 'ਚ ਮਿਲੀ ਜਾਣਕਾਰੀ ਅਨੁਸਾਰ ਐਸਐਸਓਸੀ ਦੀ ਟੀਮ ਨੇ 3 ਅਗਸਤ ਨੂੰ ਨਸ਼ਾ ਤਸਕਰ ਕੋਲੋਂ 6 ਕਿਲੋ ਹੈਰੋਇਨ ਅਤੇ ਡੇਢ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ।
ਪਹਿਲਾਂ ਵੀ ਮਾਮਲੇ ਦਰਜ:ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ ਫੜੇ ਗਏ ਮੁਲਜ਼ਮ ਦੀ ਪਛਾਣ ਸ਼ਿੰਦਰ ਸਿੰਘ ਵਾਸੀ ਪਿੰਡ ਬੂਟੇ ਦੀਆ ਛਾਨਾ, ਮਹਿਤਪੁਰ ਜਲੰਧਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਕਿ ਮੁਲਜ਼ਮ ਨਸ਼ਾ ਤਸਕਰ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤਹਿਤ ਦੋ ਅਪਰਾਧਿਕ ਕੇਸ ਦਰਜ ਹਨ।
ਚਾਰ ਕਿਲੋ ਹੈਰੋਇਨ ਹੋਰ ਬਰਾਮਦ:ਡੀਜੀਪੀ ਅਨੁਸਾਰ ਨਸ਼ਾ ਤਸਕਰ ਨੂੰ ਰਿਮਾਂਡ 'ਤੇ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਮੁਲਜ਼ਮ ਕੋਲੋਂ 4 ਕਿਲੋ ਹੋਰ ਹੈਰੋਇਨ ਬਰਾਮਦ ਹੋਈ ਹੈ। ਇਸ ਮਾਮਲੇ ਦੀ ਕੁੱਲ ਬਰਾਮਦਗੀ ਹੁਣ ਤੱਕ 10 ਕਿਲੋ ਤੱਕ ਪਹੁੰਚ ਗਈ ਹੈ ਅਤੇ 1.50 ਲੱਖ ਰੁਪਏ ਦੀ ਡਰੱਗ ਮਨੀ ਪਹਿਲਾਂ ਹੀ ਬਰਾਮਦ ਕੀਤੀ ਜਾ ਚੁੱਕੀ ਹੈ।
ਸਤਲੁਜ ਰਾਹੀਂ ਭਾਰਤ ਪਹੁੰਚੀ ਖੇਪ: ਡੀਜੀਪੀ ਗੌਰਵ ਯਾਦਵ ਦੇ ਅਨੁਸਾਰ ਐਸਐਸਓਸੀ ਅੰਮ੍ਰਿਤਸਰ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਸ਼ਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੇ ਹਾਲ ਹੀ ਵਿੱਚ ਪਾਕਿਸਤਾਨ ਸਥਿਤ ਸਮੱਗਲਰਾਂ ਅਤੇ ਏਜੰਸੀਆਂ ਦੁਆਰਾ ਸਤਲੁਜ ਦਰਿਆ ਦੇ ਰਸਤੇ ਦੀ ਵਰਤੋਂ ਕਰਕੇ ਭਾਰਤੀ ਖੇਤਰ ਵਿੱਚ ਹੈਰੋਇਨ ਦੀ ਤਸਕਰੀ ਦਾ ਇੱਕ ਵੱਡੀ ਖੇਪ ਖਰੀਦੀ ਸੀ। ਉਹ ਇਕ ਪਾਰਟੀ ਨੂੰ ਖੇਪ ਪਹੁੰਚਾਉਣ ਲਈ ਅੰਮ੍ਰਿਤਸਰ ਦੇ ਆਲੇ-ਦੁਆਲੇ ਮੌਜੂਦ ਹੈ। ਜਿਸ 'ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੁਹਿੰਮ ਚਲਾਉਂਦੇ ਹੋਏ ਯੋਜਨਾਬੱਧ ਤਰੀਕੇ ਨਾਲ ਇਲਾਕੇ ਦੀ ਘੇਰਾਬੰਦੀ ਕਰਕੇ ਕਥਿਤ ਮੁਲਜ਼ਮ ਸ਼ਿੰਦਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ।
ਤਸਕਰੀ ਲਈ ਹੜ੍ਹਾਂ ਦਾ ਲਿਆ ਫਾਇਦਾ:ਇਸ ਮਾਮਲੇ ਨੂੰ ਲੈਕੇ AIG ਐਸਐਸਓਸੀ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਸੀ ਕਿ ਪਾਕਿਸਤਾਨ ਸਥਿਤ ਤਸਕਰਾਂ ਨੇ ਫਿਰੋਜ਼ਪੁਰ ਸੈਕਟਰ ਵਿੱਚ ਸਰਹੱਦ ’ਤੇ ਹੜ੍ਹ ਕਾਰਨ ਪੈਦਾ ਹੋਈ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਸਤਲੁਜ ਦਰਿਆ ਰਾਹੀਂ ਨਸ਼ੀਲੇ ਪਦਾਰਥਾਂ ਦੀ ਖੇਪ ਦੀ ਤਸਕਰੀ ਕੀਤੀ ਸੀ। ਜਿਸ 'ਚ ਪੁਲਿਸ ਥਾਣਾ ਐਸ.ਐਸ.ਓ.ਸੀ ਅੰਮ੍ਰਿਤਸਰ ਐਨ.ਡੀ.ਪੀ.ਐਸ ਐਕਟ ਦੀ ਧਾਰਾ 21, 25 ਅਤੇ 29 ਤਹਿਤ ਐਫ.ਆਈ.ਆਰ ਨੰਬਰ 23/2023 ਦਰਜ ਕਰਕੇ ਜਾਂਚ ਵਿੱਚ ਜੁਟੀ ਹੋਈ ਹੈ।