ਨਵੀਂ ਦਿੱਲੀ: ਭਾਰਤੀ ਤਲਵਾਰਬਾਜ਼ ਭਵਾਨੀ ਦੇਵੀ ਨੇ ਬੁੱਧਵਾਰ ਨੂੰ ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ 2022 ਵਿੱਚ ਸੀਨੀਅਰ ਮਹਿਲਾ ਸੈਬਰ ਵਿਅਕਤੀਗਤ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੇ ਲੰਡਨ ਵਿੱਚ ਆਸਟਰੇਲੀਆ ਦੀ ਵੇਰੋਨਿਕਾ ਵਾਸੀਲੇਵਾ ਨੂੰ 15-10 ਨਾਲ ਹਰਾ ਕੇ ਖ਼ਿਤਾਬ ਜਿੱਤਿਆ।
ਸਾਈਂ ਨੇ ਟਵਿਟਰ 'ਤੇ ਲਿਖਿਆ, ਭਵਾਨੀ ਦੇਵੀ ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨ ਹੈ। ਭਵਾਨੀ ਦੇਵੀ ਨੇ ਹੰਗਰੀ ਵਿੱਚ 2020 ਤਲਵਾਰਬਾਜ਼ੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਤੋਂ ਬਾਅਦ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਇਕਲੌਤੀ ਭਾਰਤੀ ਫੈਂਸਰ ਬਣ ਕੇ ਇਤਿਹਾਸ ਰਚਿਆ। ਉਸਨੇ ਐਡਜਸਟਡ ਆਫੀਸ਼ੀਅਲ ਰੈਂਕਿੰਗ ਵਿਧੀ (AOR) ਦੁਆਰਾ ਯੋਗਤਾ ਪੂਰੀ ਕੀਤੀ। ਟੋਕੀਓ ਓਲੰਪਿਕ 2020 ਵਿੱਚ, ਉਸਨੇ ਟਿਊਨੀਸ਼ੀਆ ਦੀ ਨਾਦੀਆ ਬੇਨ ਅਜ਼ੀਜ਼ੀ ਵਿਰੁੱਧ ਆਪਣਾ ਪਹਿਲਾ ਮੈਚ ਜਿੱਤਿਆ।
ਭਵਾਨੀ ਦੇਵੀ ਨੇ ਤਲਵਾਰਬਾਜ਼ੀ ਵਿੱਚ ਭਾਰਤ ਵੱਲੋਂ ਕਈ ਰਿਕਾਰਡ ਬਣਾਏ ਹਨ। ਉਹ ਦੁਨੀਆ ਦੀ 42ਵੇਂ ਨੰਬਰ ਦੀ ਖਿਡਾਰਨ ਹੈ। ਇਸ ਦੀ ਸ਼ੁਰੂਆਤ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦੇ ਤਗਮੇ ਨਾਲ ਹੋਈ ਸੀ। ਇਹ ਗੱਲ ਸਾਲ 2009 ਦੀ ਹੈ। ਫਿਰ ਭਵਾਨੀ ਨੇ ਇੰਟਰਨੈਸ਼ਨਲ ਓਪਨ, ਕੈਡੇਟ ਏਸ਼ੀਅਨ ਚੈਂਪੀਅਨਸ਼ਿਪ, ਅੰਡਰ-23 ਏਸ਼ੀਅਨ ਚੈਂਪੀਅਨਸ਼ਿਪ ਸਮੇਤ ਕਈ ਟੂਰਨਾਮੈਂਟਾਂ 'ਚ ਤਗਮੇ ਜਿੱਤੇ। ਉਹ ਏਸ਼ਿਆਈ ਅੰਡਰ-23 ਜਿੱਤਣ ਵਾਲੀ ਪਹਿਲੀ ਭਾਰਤੀ ਹੈ।