ਹੈਦਰਾਬਾਦ— ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਮੁਖੀ ਜ਼ਕਾ ਅਸ਼ਰਫ ਸ਼ਨੀਵਾਰ ਨੂੰ ਮੇਜ਼ਬਾਨ ਭਾਰਤ ਖਿਲਾਫ ਆਪਣੇ ਦੇਸ਼ ਦਾ ਵਿਸ਼ਵ ਕੱਪ ਮੁਕਾਬਲਾ ਦੇਖਣ ਲਈ ਵੀਰਵਾਰ ਨੂੰ ਅਹਿਮਦਾਬਾਦ, ਗੁਜਰਾਤ ਪਹੁੰਚਣਗੇ।
ਜ਼ਕਾ ਅਸ਼ਰਫ ਦਾ ਫੈਸਲਾ ਇਸ ਗੱਲ ਦੀ ਪੁਸ਼ਟੀ ਹੋਣ ਤੋਂ ਬਾਅਦ ਆਇਆ ਹੈ ਕਿ ਪਾਕਿਸਤਾਨੀ ਮੀਡੀਆ ਕਰਮੀਆਂ ਨੂੰ ਵਿਸ਼ਵ ਕੱਪ ਕਵਰ ਕਰਨ ਲਈ ਵੀਜ਼ਾ ਲੈਣ ਲਈ ਆਪਣੇ ਪਾਸਪੋਰਟ ਸੌਂਪਣ ਦੀ ਇਜਾਜ਼ਤ ਦਿੱਤੀ ਗਈ ਸੀ। ਲਗਭਗ 60 ਪਾਕਿਸਤਾਨੀ ਪੱਤਰਕਾਰਾਂ ਨੇ ਵੀਜ਼ਾ ਲਈ ਅਰਜ਼ੀ ਦਿੱਤੀ ਹੈ ਅਤੇ ਹੋਰ ਦੇਰੀ ਦਾ ਮਤਲਬ ਹੋ ਸਕਦਾ ਹੈ ਕਿ ਉਹ ਬਹੁਤ-ਉਡੀਕ ਮੈਚ ਦੀ ਕਵਰੇਜ ਤੋਂ ਖੁੰਝ ਜਾਣਗੇ।
ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਅਸ਼ਰਫ਼ ਨੇ ਕਿਹਾ, 'ਮੈਗਾ-ਈਵੈਂਟ ਦੀ ਕਵਰੇਜ ਕਰਨ ਲਈ ਪਾਕਿਸਤਾਨੀ ਪੱਤਰਕਾਰਾਂ ਨੂੰ ਵੀਜ਼ਾ ਲੈਣ ਲਈ ਆਪਣੇ ਪਾਸਪੋਰਟ ਸੌਂਪਣ ਲਈ ਕਿਹਾ ਗਿਆ ਸੀ, ਇਸ ਗੱਲ ਦੀ ਪੁਸ਼ਟੀ ਹੋਣ ਤੋਂ ਬਾਅਦ ਮੈਂ ਭਾਰਤ ਦੀ ਯਾਤਰਾ ਵਿੱਚ ਦੇਰੀ ਕਰ ਦਿੱਤੀ ਹੈ। ਮੈਂ ਕੱਲ੍ਹ (ਵੀਰਵਾਰ) ਯਾਤਰਾ ਕਰ ਰਿਹਾ ਹਾਂ।
ਉਨ੍ਹਾਂ ਕਿਹਾ, 'ਮੈਨੂੰ ਖੁਸ਼ੀ ਹੈ ਕਿ ਵਿਦੇਸ਼ ਦਫ਼ਤਰ ਨਾਲ ਮੇਰੀ ਗੱਲਬਾਤ ਨੇ ਵੀਜ਼ਾ ਦੇਰੀ ਦੇ ਸਬੰਧ ਵਿੱਚ ਸਕਾਰਾਤਮਕ ਪ੍ਰਗਤੀ ਹਾਸਿਲ ਕਰਨ ਵਿੱਚ ਮਦਦ ਕੀਤੀ।'
ਇਸ ਦੌਰਾਨ ਅਸ਼ਰਫ ਨੇ ਪਾਕਿਸਤਾਨੀ ਟੀਮ ਦੇ ਹੁਣ ਤੱਕ ਦੇ ਪ੍ਰਦਰਸ਼ਨ 'ਤੇ ਖੁਸ਼ੀ ਜ਼ਾਹਿਰ ਕੀਤੀ, ਜਿਸ 'ਚ ਉਸ ਨੇ ਨੀਦਰਲੈਂਡ ਅਤੇ ਸ਼੍ਰੀਲੰਕਾ ਖਿਲਾਫ ਆਪਣੇ ਦੋਵੇਂ ਮੈਚ ਆਸਾਨੀ ਨਾਲ ਜਿੱਤ ਲਏ ਹਨ। ਪਾਕਿਸਤਾਨ ਨੇ ਮੰਗਲਵਾਰ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ 'ਚ ਸ਼੍ਰੀਲੰਕਾ ਖਿਲਾਫ ਰਿਕਾਰਡ ਟੀਚੇ ਦਾ ਪਿੱਛਾ ਕੀਤਾ।
ਅਸ਼ਰਫ ਨੇ ਕਿਹਾ, 'ਜਿਸ ਤਰ੍ਹਾਂ ਖਿਡਾਰੀਆਂ ਨੇ ਵਿਸ਼ਵ ਕੱਪ 'ਚ ਹੁਣ ਤੱਕ ਦੋਵੇਂ ਮੈਚ ਜਿੱਤੇ ਹਨ, ਉਸ ਤੋਂ ਮੈਂ ਬਹੁਤ ਖੁਸ਼ ਹਾਂ। ਪੀਸੀਬੀ ਮੈਨੇਜਮੈਂਟ ਕਮੇਟੀ ਅਤੇ ਪੂਰਾ ਦੇਸ਼ ਚੱਲ ਰਹੇ ਵਿਸ਼ਵ ਕੱਪ ਵਿੱਚ ਸਫਲ ਮੁਹਿੰਮ ਲਈ ਖਿਡਾਰੀਆਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।
ਅਸ਼ਰਫ ਨੇ ਕਿਹਾ ਕਿ ਪਾਕਿਸਤਾਨ ਨੂੰ ਨਿਡਰ ਕ੍ਰਿਕਟ ਖੇਡਣਾ ਚਾਹੀਦਾ ਹੈ। ਉਸ ਨੇ ਕਿਹਾ, ਮੈਂ ਟੀਮ ਨੂੰ ਪ੍ਰੇਰਿਤ ਕਰਨ ਲਈ ਭਾਰਤ ਦੀ ਯਾਤਰਾ ਕਰ ਰਿਹਾ ਹਾਂ ਅਤੇ ਭਾਰਤ ਦੇ ਖਿਲਾਫ ਮੈਚ ਤੋਂ ਪਹਿਲਾਂ ਉਨ੍ਹਾਂ ਨੂੰ ਮੇਰਾ ਸੰਦੇਸ਼ ਇਹ ਹੋਵੇਗਾ ਕਿ ਉਹ ਨਿਡਰ ਹੋ ਕੇ ਖੇਡੇ ਜਿਸ ਤਰ੍ਹਾਂ ਉਹ ਹੁਣ ਤੱਕ ਖੇਡਦੇ ਆਏ ਹਨ।