ਕੋਲੰਬੋ: ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੇ ਤੇਜ਼ ਅਰਧ ਸੈਂਕੜਿਆਂ ਦੇ ਦਮ 'ਤੇ ਭਾਰਤ ਨੇ ਐਤਵਾਰ ਨੂੰ ਪਾਕਿਸਤਾਨ ਖਿਲਾਫ ਏਸ਼ੀਆ ਕੱਪ ਦੇ ਸੁਪਰ ਫੋਰ ਗੇੜ ਦੇ ਮੈਚ 'ਚ ਦੋ ਵਿਕਟਾਂ 'ਤੇ 147 ਦੌੜਾਂ ਬਣਾਈਆਂ ਸਨ, ਜਦੋਂ ਮੀਂਹ ਕਾਰਨ ਮੈਚ ਰੋਕਣ ਦਾ ਫੈਸਲਾ ਕੀਤਾ ਗਿਆ ਤੇ ਅੱਜ ਰਿਜ਼ਰਵ ਦਿਨ ਉੱਤੇ ਇਹ ਮੈਚ ਮੁੜ ਹੋਵੇਗਾ। ਇੱਥੋਂ ਦੇ ਪ੍ਰੇਮਦਾਸਾ ਸਟੇਡੀਅਮ ਵਿੱਚ ਜਦੋਂ ਮੀਂਹ ਕਾਰਨ ਖੇਡ ਰੋਕੀ ਗਈ, ਉਦੋਂ ਤੱਕ ਭਾਰਤ ਨੇ 24.1 ਓਵਰਾਂ ਵਿੱਚ ਦੋ ਵਿਕਟਾਂ ’ਤੇ 147 ਦੌੜਾਂ ਬਣਾ ਲਈਆਂ ਸਨ। ਹੁਣ ਇਹ ਮੈਚ ਅੱਜ ਬਾਅਦ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਵਿਰਾਟ ਕੋਹਲੀ ਅਤੇ ਲੋਕੇਸ਼ ਰਾਹੁਲ ਕ੍ਰਮਵਾਰ ਅੱਠ ਅਤੇ 17 ਦੌੜਾਂ ਬਣਾ ਕੇ ਖੇਡ ਰਹੇ ਹਨ।
ਭਾਰਤ ਬਨਾਮ ਸ਼੍ਰੀਲੰਕਾ:ਇਸਦਾ ਮਤਲਬ ਹੈ ਕਿ ਅੱਜ ਖੇਡਣ ਤੋਂ ਬਾਅਦ ਭਾਰਤੀ ਟੀਮ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਏਸ਼ੀਆ ਕੱਪ 2023 ਸੁਪਰ ਫੋਰ ਦੇ ਅਗਲੇ ਮੈਚ ਵਿੱਚ ਸ਼੍ਰੀਲੰਕਾ ਨਾਲ ਖੇਡਣਾ ਹੋਵੇਗਾ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (56) ਅਤੇ ਸ਼ੁਭਮਨ ਗਿੱਲ (58) ਅਰਧ ਸੈਂਕੜੇ ਬਣਾ ਕੇ ਪੈਵੇਲੀਅਨ ਪਰਤ ਗਏ। ਰੋਹਿਤ ਨੇ 49 ਗੇਂਦਾਂ ਵਿੱਚ 56 ਦੌੜਾਂ ਬਣਾਈਆਂ ਜਿਸ ਵਿੱਚ ਛੇ ਚੌਕੇ ਅਤੇ ਚਾਰ ਛੱਕੇ ਸ਼ਾਮਲ ਸਨ। ਜਦੋਂ ਕਿ ਗਿੱਲ ਨੇ 52 ਗੇਂਦਾਂ ਦੀ ਆਪਣੀ ਪਾਰੀ ਵਿੱਚ ਦਸ ਚੌਕੇ ਲਾਏ। ਦੋਵਾਂ ਨੇ ਸਿਰਫ਼ 100 ਗੇਂਦਾਂ ਵਿੱਚ 121 ਦੌੜਾਂ ਜੋੜੀਆਂ।
ਪਾਕਿਸਤਾਨੀ ਗੇਂਦਬਾਜ਼ਾਂ ਦੀ ਕੀਤੀ ਧੁਲਾਈ: ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਪਹਿਲਾਂ ਵੀ ਰੋਹਿਤ ਨੂੰ ਪਰੇਸ਼ਾਨ ਕਰ ਚੁੱਕੇ ਹਨ, ਪਰ ਭਾਰਤੀ ਕਪਤਾਨ ਚੰਗੀ ਤਿਆਰੀ ਨਾਲ ਆਏ। ਉਹਨਾਂ ਨੇ ਅਫਰੀਦੀ ਨੂੰ ਛੱਕਾ ਮਾਰਿਆ ਅਤੇ ਗਿੱਲ ਨੇ ਵੀ ਉਸ ਦਾ ਖੂਬ ਸਾਥ ਦਿੱਤਾ ਅਤੇ ਪਾਕਿਸਤਾਨੀ ਗੇਂਦਬਾਜ਼ਾਂ ਦੀ ਖੂਬ ਧੁਲਾਈ ਕੀਤੀ। ਭਾਰਤ ਨੇ ਪਹਿਲੇ ਪਾਵਰਪਲੇ 'ਚ ਬਿਨਾਂ ਕਿਸੇ ਨੁਕਸਾਨ ਦੇ 61 ਦੌੜਾਂ ਬਣਾਈਆਂ ਸਨ। ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਅਫਰੀਦੀ ਪਾਵਰਪਲੇ 'ਚ ਵਿਕਟ ਲੈਣ 'ਚ ਅਸਫਲ ਰਹੇ। ਨਸੀਮ ਸ਼ਾਹ ਨੇ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਕੇ ਰੋਹਿਤ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਪਰ ਵਿਕਟ ਨਹੀਂ ਲੈ ਸਕੇ।
ਅੱਜ ਹੋਵੇਗਾ ਫੈਸਲਾ: ਰੋਹਿਤ ਨੇ ਪਹਿਲੇ ਦੋ ਓਵਰਾਂ ਵਿੱਚ ਤਿੰਨ ਛੱਕੇ ਲਗਾ ਕੇ ਲੈੱਗ ਸਪਿਨਰ ਸ਼ਾਦਾਬ ਖਾਨ ਦਾ ਸਵਾਗਤ ਕੀਤਾ। ਹਾਲਾਂਕਿ ਸ਼ਾਦਾਬ ਨੇ ਹੀ ਭਾਰਤੀ ਕਪਤਾਨ ਨੂੰ ਫਹੀਮ ਅਸ਼ਰਫ ਹੱਥੋਂ ਕੈਚ ਕਰਵਾ ਕੇ ਪੈਵੇਲੀਅਨ ਭੇਜ ਦਿੱਤਾ। ਜਦੋਂ ਕਿ ਅਫਰੀਦੀ ਨੇ ਗਿੱਲ ਨੂੰ ਸਲੋ ਲੈੱਗ ਕਟਰ 'ਤੇ ਸਲਮਾਨ ਆਗਾ ਹੱਥੋਂ ਕੈਚ ਕਰਵਾਇਆ। ਇਸ ਤੋਂ ਬਾਅਦ ਰਾਹੁਲ ਅਤੇ ਕੋਹਲੀ ਨੇ ਵਿਕਟ ਫੜ ਕੇ ਖੇਡਿਆ। ਇਸ ਤੋਂ ਬਾਅਦ ਭਾਰੀ ਮੀਂਹ ਕਾਰਨ ਖੇਡ ਨੂੰ ਰੋਕਣਾ ਪਿਆ। ਅੰਪਾਇਰਾਂ ਨੇ ਸੱਤ ਵਜੇ, ਸਾਢੇ ਸੱਤ, ਅੱਠ ਅਤੇ ਸਾਢੇ ਅੱਠ ਵਜੇ ਮੈਦਾਨ ਦਾ ਮੁਆਇਨਾ ਕਰਨ ਤੋਂ ਬਾਅਦ ਅੱਜ ਮੈਚ ਪੂਰਾ ਕਰਨ ਦਾ ਫੈਸਲਾ ਕੀਤਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਦਾ ਗਰੁੱਪ ਮੈਚ ਵੀ ਮੀਂਹ ਕਾਰਨ ਰੱਦ ਹੋ ਗਿਆ। ਏਸ਼ੀਆ ਕੱਪ ਦੇ ਸ਼੍ਰੀਲੰਕਾ ਗੇੜ ਦੇ ਮੈਚਾਂ ਵਿੱਚ ਮੀਂਹ ਨੇ ਲਗਾਤਾਰ ਵਿਘਨ ਪਾਇਆ ਹੈ। ਸ੍ਰੀਲੰਕਾ ਦੀ ਰਾਜਧਾਨੀ ਵਿੱਚ ਪੂਰੇ ਟੂਰਨਾਮੈਂਟ ਦੌਰਾਨ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। (ਭਾਸ਼ਾ)