ਹਨੀ ਸਿੰਘ ਦੀ ਹੋਈ ਮੁੜ ਤੋਂ ਵਿਵਾਦਾਂ ਵਿੱਚ ਐਂਟਰੀ
ਮਸ਼ਹੂਰ ਗਾਇਕ ਅਤੇ ਰੈਪਰ ਹਨੀ ਸਿੰਘ ਦੇ ਗੀਤ 'ਮੱਖਣਾ' 'ਤੇ ਪੰਜਾਬ ਸਟੇਟ ਵੂਮੇਨ ਕਮਿਸ਼ਨ ਦੀ ਚੈਅਰਪਰਸਨ ਮਨੀਸ਼ਾ ਗੁਲਾਟੀ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਗੀਤ ਦੇ ਵਿੱਚ ਔਰਤਾਂ ਪ੍ਰਤੀ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ।
ਚੰਡੀਗੜ੍ਹ : ਮਸ਼ਹੂਰ ਗਾਇਕ ਅਤੇ ਰੈਪਰ ਹਨੀ ਸਿੰਘ ਇੱਕ ਵਾਰ ਫਿਰ ਤੋਂ ਨਵੇਂ ਵਿਵਾਦਾਂ 'ਚ ਫ਼ਸ ਗਏ ਹਨ। ਹਨੀ ਸਿੰਘ ਦੇ ਗੀਤ 'ਮੱਖਣਾ' ਕਾਰਨ ਉਨ੍ਹਾਂ 'ਤੇ ਦੋਸ਼ ਇਹ ਲੱਗਿਆ ਹੈ ਕਿ ਇਸ ਗੀਤ 'ਚ ਉਨ੍ਹਾਂ ਔਰਤਾਂ ਬਾਰੇ ਗ਼ਲਤ ਸ਼ਬਦਾਵਲੀ ਵਰਤੀ ਹੈ। ਇਸ ਕਾਰਨ ਮਹਿਲਾ ਕਮਿਸ਼ਨ ਨੇ ਹਨੀ ਸਿੰਘ 'ਤੇ ਐਫ਼ਆਈਆਰ ਕਰਨ ਦੀ ਮੰਗ ਕੀਤੀ ਹੈ।
ਪੰਜਾਬ ਸਟੇਟ ਵੂਮੇਨ ਕਮੀਸ਼ਨ ਦੀ ਚੈਅਰਪਰਸਨ ਮਨੀਸ਼ਾ ਗੁਲਾਟੀ ਨੇ ਇਸ ਗੀਤ ਦੀ ਸ਼ਿਕਾਇਤ ਪੰਜਾਬ ਦੇ ਡੀਜੀਪੀ, ਆਈਜੀ, ਕ੍ਰਾਈਮ, ਚੀਫ਼ ਸੈਕਟਰੀ ਨੂੰ ਲਿੱਖ ਕੇ ਦਿੱਤੀ ਹੈ। ਮਨੀਸ਼ਾ ਗੁਲਾਟੀ ਨੇ ਇਸ ਮਾਮਲੇ 'ਤੇ 12 ਜੁਲਾਈ ਤੱਕ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਸਟੇਟਸ ਰਿਪੋਰਟ ਮੰਗੀ ਹੈ।
ਦੱਸਣਯੋਗ ਹੈ ਕਿ ਮਨੀਸ਼ਾ ਨੇ ਅਧਿਕਾਰੀਆਂ ਨੂੰ ਲਿਖਿਆ, "ਟੀ ਸੀਰੀਜ਼ ਦੇ ਚੈਅਰਮੇਨ ਭੂਸ਼ਨ ਕੁਮਾਰ ਅਤੇ ਹਨੀ ਸਿੰਘ ਵੱਲੋਂ ਲਿੱਖੇ ਗਏ ਇਸ ਗੀਤ 'ਤੇ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਅਤੇ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਗੀਤ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਦਾ ਵੀਡੀਓ ਵੀ ਇਤਰਾਜ਼ਯੋਗ ਹੈ ਇਸੇ ਹੀ ਕਾਰਨ ਕਰਕੇ ਅਸੀਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਕੰਪਨੀ ਦੇ ਮਾਲਿਕ ਅਤੇ ਹਨੀ ਸਿੰਘ ਦੇ ਖ਼ਿਲਾਫ਼ ਐਫ਼ਆਈਆਰ ਦਰਜ ਕਰਵਾਉਣ ਨੂੰ ਕਿਹਾ ਹੈ।"
ਜ਼ਿਕਰਏਖ਼ਾਸ ਹੈ ਕਿ ਇਹ ਗੀਤ ਪਿਛਲੇ ਸਾਲ ਦਸੰਬਰ 'ਚ ਰਿਲੀਜ਼ ਕੀਤਾ ਗਿਆ ਸੀ।ਇਸ ਗੀਤ ਨੂੰ ਹੁਣ ਤੱਕ 209 ਮਿਲੀਅਨ ਲੋਕ ਵੇਖ ਚੁੱਕੇ ਹਨ।