ਹੈਦਰਾਬਾਦ: ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿੱਟਰ ਹੁਣ ਮਾਈਕ੍ਰੋਬਲਾਗਿੰਗ ਤੱਕ ਸੀਮਤ ਨਹੀਂ ਹੈ ਅਤੇ ਯੂਜ਼ਰਸ ਲਈ ਖੁਸ਼ਖਬਰੀ ਲੈ ਕੇ ਆਇਆ ਹੈ। ਪਲੇਟਫਾਰਮ ਨੇ ਪਹਿਲਾਂ ਹੀ ਆਪਣੇ ਟਵੀਟਸ ਵਿੱਚ ਅੱਖਰ ਸੀਮਾ ਵਧਾ ਦਿੱਤੀ ਸੀ ਅਤੇ ਹੁਣ ਇਸਨੂੰ 25,000 ਅੱਖਰਾਂ ਤੱਕ ਹੋਰ ਵਧਾ ਦਿੱਤਾ ਗਿਆ ਹੈ। ਯਾਨੀ ਯੂਜ਼ਰਸ ਹੁਣ ਟਵਿਟਰ ਦੇ ਜ਼ਰੀਏ ਆਪਣੇ ਫਾਲੋਅਰਸ ਨਾਲ ਲੰਬੀਆਂ ਪੋਸਟਾਂ ਅਤੇ ਆਰਟੀਕਲ ਸ਼ੇਅਰ ਕਰ ਸਕਣਗੇ। ਟਵਿਟਰ ਬਲੂ ਟਿੱਕ ਗਾਹਕਾਂ ਨੂੰ ਨਵੇਂ ਬਦਲਾਅ ਦਾ ਲਾਭ ਮਿਲੇਗਾ।
ਇੰਨੇ ਅੱਖਰਾਂ ਦੇ ਕਰ ਸਕੋਗੇ ਟਵੀਟ: ਟਵਿੱਟਰ ਇੰਜੀਨੀਅਰ ਪ੍ਰਾਚੀ ਪੋਦਾਰ ਨੇ ਪਿਛਲੇ ਹਫਤੇ ਇੱਕ ਲੰਬੇ ਟਵੀਟ ਵਿੱਚ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਸੀ ਕਿ ਟਵਿਟਰ ਬਲੂ ਟਿੱਕ ਦੇ ਗਾਹਕਾਂ ਕੋਲ ਹੁਣ 25,000 ਅੱਖਰਾਂ ਤੱਕ ਟਵੀਟ ਕਰਨ ਦਾ ਵਿਕਲਪ ਹੋਵੇਗਾ। ਉਨ੍ਹਾਂ ਨੇ ਲਿਖਿਆ," ਅਸੀਂ ਟਵੀਟਸ ਦੇ ਅੱਖਰਾਂ ਦੀ ਸੀਮਾ 10,000 ਤੋਂ ਵਧਾ ਕੇ 25,000 ਕਰ ਦਿੱਤੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਹਿਲਾਂ ਪਲੇਟਫਾਰਮ ਨੇ ਸੀਮਾ ਨੂੰ 4000 ਅੱਖਰਾਂ ਅਤੇ ਫਿਰ 10,000 ਅੱਖਰਾਂ ਤੱਕ ਵਧਾ ਦਿੱਤਾ ਸੀ।"
ਟਵਿਟਰ ਬਲੂ ਟਿੱਕ ਯੂਜ਼ਰਸ ਨੂੰ ਮਿਲੇਗਾ ਫਾਇਦਾ:ਟਵਿੱਟਰ ਬਲੂ ਟਿੱਕ ਦਾ ਲਾਭ ਲੈਣ ਵਾਲਿਆਂ ਨੂੰ ਬਲੂ ਵੈਰੀਫਿਕੇਸ਼ਨ ਟਿੱਕ ਤੋਂ ਇਲਾਵਾ ਕਈ ਫੀਚਰਸ ਮਿਲਦੇ ਹਨ, ਜਿਸ ਵਿੱਚ ਅੱਖਰਾਂ ਦੀ ਸੀਮਾ ਵੀ ਸ਼ਾਮਲ ਕੀਤੀ ਗਈ ਹੈ। ਇਹ ਬਦਲਾਅ ਟਵਿੱਟਰ ਬਲੂ ਸਪੋਰਟ ਪੇਜ 'ਤੇ ਵੀ ਦਿਖਾਈ ਦੇ ਰਿਹਾ ਹੈ ਅਤੇ ਕਿਹਾ ਗਿਆ ਹੈ ਕਿ ਗਾਹਕ 25,000 ਅੱਖਰਾਂ ਤੱਕ ਦੇ ਟਵੀਟ ਕਰ ਸਕਦੇ ਹਨ। ਇਹ ਟਵੀਟ ਪਲੇਟਫਾਰਮ 'ਤੇ ਸਾਰੇ ਯੂਜ਼ਰਸ ਦੁਆਰਾ ਪੜ੍ਹੇ ਜਾਣਗੇ, ਪਰ ਸਿਰਫ ਬਲੂ ਟਿੱਕ ਗਾਹਕਾਂ ਕੋਲ ਇਨ੍ਹਾਂ ਨੂੰ ਬਣਾਉਣ ਦਾ ਵਿਕਲਪ ਹੋਵੇਗਾ।
ਟਵਿੱਟਰ ਦੀ ਅੱਖਰ ਸੀਮਾ ਇਸ ਸਾਲ ਦੋ ਵਾਰ ਵਧੀ:ਸੋਸ਼ਲ ਮੀਡੀਆ ਪਲੇਟਫਾਰਮ ਨੇ ਸਭ ਤੋਂ ਪਹਿਲਾਂ ਫਰਵਰੀ ਵਿੱਚ ਟਵੀਟ ਦੀ ਅੱਖਰ ਸੀਮਾ ਵਧਾ ਕੇ 4000 ਅੱਖਰਾਂ ਤੱਕ ਕਰ ਦਿੱਤੀ ਸੀ। ਇਸ ਤੋਂ ਬਾਅਦ ਅਪ੍ਰੈਲ 'ਚ ਵੀ ਇਹ ਸੀਮਾ ਵਧਾ ਦਿੱਤੀ ਗਈ ਸੀ ਅਤੇ ਯੂਜ਼ਰਸ 10,000 ਅੱਖਰਾਂ ਤੱਕ ਦੇ ਟਵੀਟ ਕਰ ਸਕਦੇ ਸਨ। ਇਸ ਤੋਂ ਇਲਾਵਾ ਟੈਕਸਟ ਨੂੰ ਬੋਲਡ ਜਾਂ ਇਟਾਲਿਕ ਬਣਾਉਣ ਵਰਗੇ ਆਪਸ਼ਨ ਵੀ ਦਿੱਤੇ ਗਏ ਸੀ। ਪਿਛਲੇ ਦਹਾਕੇ ਤੋਂ ਪਹਿਲਾਂ ਟਵਿੱਟਰ ਨੇ ਆਪਣੀ ਸ਼ੁਰੂਆਤੀ 140 ਅੱਖਰਾਂ ਦੀ ਸੀਮਾ ਵਧਾ ਕੇ 280 ਅੱਖਰਾਂ ਤੱਕ ਕਰ ਦਿੱਤੀ ਸੀ।