ਅੰਮ੍ਰਿਤਸਰ : ਜਿਥੇ ਇੱਕ ਪਾਸੇ ਸੋਸ਼ਲ ਮੀਡੀਆ ਲੋਕਾਂ ਨੂੰ ਇੱਕ ਦੂਜੇ ਨਾਲ ਜੁੜਨ 'ਚ ਮਦਦ ਕਰਦਾ ਹੈ, ਉਥੇ ਹੀ ਹੁਣ ਠੱਗ ਤੇ ਸਾਈਬਰ ਅਪਰਾਧੀ ਸੋਸ਼ਲ ਮੀਡੀਆ ਪਲੇਟਫਾਰਮ ਦਾ ਗ਼ਲਤ ਇਸਤੇਮਾਲ ਕਰ ਲੋਕਾਂ ਨੂੰ ਠੱਗ ਰਹੇ ਹਨ। ਅਜਿਹਾ ਹੀ ਮਾਮਲਾ ਅਜਨਾਲਾ ਤੋਂ ਸਾਹਮਣੇ ਆਇਆ ਹੈ। ਇਥੇ ਇੱਕ ਨੌਜਵਾਨ ਨੂੰ ਫੇਸਬੁੱਕ 'ਤੇ ਦੋਸਤੀ ਕਰਨੀ ਉਸ ਵੇਲੇ ਭਾਰੀ ਪੈ ਗਈ ਜਦ ਵਿਦੇਸ਼ ਭੇਜਣ ਦੇ ਨਾਂਅ 'ਤੇ ਉਸ ਨਾਲ ਠੱਗੀ ਕੀਤੀ ਗਈ।
ਵਿਦੇਸ਼ ਭੇਜਣ ਦਾ ਕਹਿ ਨੌਜਵਾਨ ਨਾਲ ਕੀਤੀ ਠੱਗੀ, ਫੇਸਬੁੱਕ ਰਾਹੀਂ ਬਣਾਇਆ ਨਿਸ਼ਾਨਾ
ਅਜਨਾਲਾ ਵਿਖੇ ਵਿਦੇਸ਼ ਭੇਜਣ ਦੇ ਨਾਂਅ 'ਤੇ ਇੱਕ ਨੌਜਵਾਨ ਦੇ ਨਾਲ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਨੌਜਵਾਨ ਨੂੰ ਕਿਸੇ ਅਣਜਾਣ ਵਿਅਕਤੀ ਨੇ ਫੇਸਬੁੱਕ ਰਾਹੀਂ ਨਿਸ਼ਾਨਾ ਬਣਾ ਕੇ ਉਸ ਕੋਲੋਂ 37 ਹਜ਼ਾਰ ਰੁਪਏ ਦੀ ਠੱਗੀ ਕੀਤੀ ਗਈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਪਹੁੰਚੇ ਪੀੜਤ ਨੌਜਵਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੁਰਸੇਵਕ ਸਿੰਘ ਸ਼ਹਿਰ ਦੇ ਇੱਕ ਨਿੱਜੀ ਹੋਟਲ 'ਚ ਕੰਮ ਕਰਦਾ ਹੈ। ਬੀਤੇ ਦਿਨੀਂ ਉਸ ਦੀ ਫੇਸਬੁੱਕ ਉੱਤੇ ਕਿਸੇ ਅਣਜਾਣ ਵਿਅਕਤੀ ਨਾਲ ਦੋਸਤੀ ਹੋ ਗਈ। ਉਕਤ ਵਿਅਕਤੀ ਖ਼ੁਦ ਨੂੰ ਮੁੰਬਈ ਦਾ ਵਸਨੀਕ ਦੱਸਦੇ ਹੋਏ ਪੀੜਤ ਨਾਲ ਮਹਿਜ਼ ਫੇਸਬੁੱਕ ਰਾਹੀਂ ਹੀ ਗੱਲਬਾਤ ਕਰਦਾ ਸੀ। ਇੱਕ ਦਿਨ ਉਸ ਨੇ ਗੁਰਸੇਵਕ ਨੂੰ ਆਖਿਆ ਕਿ ਜੇਕਰ ਉਹ ਕੈਨੇਡਾ ਵਿਖੇ ਰਮਾਡਾ ਹੋਟਲ 'ਚ ਕੰਮ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਕੁੱਝ ਪੈਸੇ ਭੇਜੇ। ਉਹ ਉਸ ਨੂੰ ਕੈਨੇਡਾ ਨੌਕਰੀ ਲਗਵਾ ਦਵੇਗਾ। ਪੀੜਤ ਨੇ ਉਕਤ ਵਿਅਕਤੀ ਦੇ ਕਹੇ ਮੁਤਾਬਕ ਉਸ ਨੂੰ ਆਪਣੇ ਨਿੱਜੀ ਦਸਤਾਵੇਜ਼ ਭੇਜੇ । ਕੁੱਝ ਦਿਨਾਂ ਮਗਰੋਂ ਮੁਲਜ਼ਮ ਵਿਅਕਤੀ ਉਸ ਨੂੰ ਕੰਪਨੀ ਦਾ ਆਫਰ ਲੈਟਰ ਤੇ ਹੋਰ ਦਸਤਾਵੇਜ਼ ਭੇਜੇ ਅਤੇ ਪੀੜਤ ਨੂੰ 40 ਹਜ਼ਾਰ ਰੁਪਏ ਉਸ ਦੇ ਅਕਾਉਂਟ 'ਚ ਭੇਜਣ ਲਈ ਕਿਹਾ। ਉਨ੍ਹਾਂ ਨੇ ਉਕਤ ਵਿਅਕਤੀ ਨੂੰ 37 ਹਜ਼ਾਰ ਰੁਪਏ ਭੇਜੇ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਦ ਉਨ੍ਹਾਂ ਦੇ ਪੁੱਤਰ ਨੇ ਵਿਦੇਸ਼ ਜਾਣ ਲਈ ਕਾਗਜ਼ਾਤ ਪ੍ਰਕੀਰਿਆ ਪੂਰੀ ਕਰਨੀ ਚਾਹੀ ਤਾਂ ਉਹ ਕਾਗਜ਼ ਜਾਅਲੀ ਨਿਕਲੇ। ਉਨ੍ਹਾਂ ਨੇ ਕਾਗਜ਼ਾਤ ਭੇਜਣ ਵਾਲੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਫੋਨ ਨਹੀਂ ਲੱਗਾ। ਪੀੜਤ ਨੌਜਵਾਨ ਤੇ ਉਸ ਦੇ ਪਿਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਸਾਈਬਰ ਜਾਂਚ ਤੇ ਜਲਦ ਤੋਂ ਜਲਦ ਕੇਸ ਨੂੰ ਸੁਲਝਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਪੀੜਤ ਪਰਿਵਾਰ ਨੇ ਲੋਕਾਂ ਨੂੰ ਅਜਿਹੇ ਠੱਗਾਂ ਤੋਂ ਬੱਚਣ ਦੀ ਅਪੀਲ ਕੀਤੀ ਹੈ।
ਥਾਣਾ ਸਦਰ ਦੇ ਅਧਿਕਾਰੀ ਰਣਜੀਤ ਸਿੰਘ ਨੇ ਠੱਗੀ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀੜਤ ਗੁਰਸੇਵਕ ਸਿੰਘ ਨਾਲ ਉਕਤ ਮੁਲਜ਼ਮ ਨੂੰ 37 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਨ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।