ਚੰਡੀਗੜ੍ਹ: ਕਪੂਰਥਲਾ ਜ਼ਿਲ੍ਹੇ ਦੇ ਇੱਕ ਟ੍ਰੈਵਲ ਏਜੰਟ ਕਾਰਨ ਰੂਸ ਵਿੱਚ ਫਸੇ 26 ਪੰਜਾਬੀ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਨੌਜਵਾਨ ਨੂੰ ਸਹੀ ਸਮੇਂ 'ਤੇ ਮੈਡੀਕਲ ਸਹਾਇਤਾ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ।
ਸਮੇਂ 'ਤੇ ਮੈਡੀਕਲ ਸਹਾਇਤਾ ਨਾ ਮਿਲਣ 'ਤੇ ਰੂਸ 'ਚ ਪੰਜਾਬੀ ਨੌਜਵਾਨ ਦੀ ਮੌਤ
ਰੂਸ ਵਿੱਚ ਫਸੇ 26 ਪੰਜਾਬੀ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਨੂੰ ਮੈਡੀਕਲ ਸਹਾਇਤਾ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ 30 ਸਾਲਾ ਮਲਕੀਅਤ ਸਿੰਘ ਬੀਮਾਰ ਹੋ ਗਿਆ ਸੀ ਪਰ ਜਿੱਥੇ ਉਹ ਕੰਮ ਕਰਦਾ ਸੀ ਉਸ ਕੰਪਨੀ ਨੇ ਸਮੇਂ 'ਤੇ ਉਸ ਦਾ ਇਲਾਜ ਨਹੀਂ ਕਰਵਾਇਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਦੋਸਤ ਜੋਗਿੰਦਰਪਾਲ ਨੇ ਦੋਸ਼ ਲਾਇਆ ਕਿ ਕੰਪਨੀ ਨੇ ਮਲਕੀਅਤ ਦੀ ਮ੍ਰਿਤਕ ਦੇਹ ਭਾਰਤ ਵਾਪਸ ਲਿਜਾਣ ਵਿੱਚ ਕੋਈ ਮਦਦ ਨਹੀਂ ਕੀਤੀ, ਫ਼ਿਰ 45 ਨੌਜਵਾਨਾਂ ਨੇ ਮਿਲ ਕੇ 4 ਤੋਂ 5 ਲੱਖ ਰੁਪਏ ਇਕੱਠੇ ਕੀਤੇ, ਜਿਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਇਆ ਗਿਆ। ਮਲਕੀਅਤ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਪਿੰਡ ਪਾਸਲਾ ਵਿਖੇ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਕਥਿਤ ਤੌਰ ’ਤੇ ਕਪੂਰਥਲਾ ਜ਼ਿਲ੍ਹੇ ਦੇ ਇੱਕ ਟ੍ਰੈਵਲ ਏਜੰਟ ਨੇ ਇਨ੍ਹਾਂ ਨੌਜਵਾਨਾਂ ਨਾਲ ਰੂਸ ਭੇਜਣ ਅਤੇ ਸਹੀ ਤਨਖਾਹ 'ਤੇ ਕੰਪਨੀ ਵਿੱਚ ਨੋਕਰੀ ਦਿਲਵਾਉਣ ਦਾ ਝਾਂਸਾ ਦੇ ਕੇ ਧੋਖਾਧੜੀ ਕੀਤੀ ਹੈ। ਕਪੂਰਥਲਾ ਜ਼ਿਲ੍ਹੇ ਦੇ ਪਿੰਡ ਖੁੱਰਮਪੁਰ ’ਚ ਰਹਿੰਦੇ ਟ੍ਰੈਵਲ ਏਜੰਟ ਦਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਉੱਤੇ ਇਨ੍ਹਾਂ 26 ਨੌਜਵਾਨਾਂ ਨਾਲ 34 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਇਲਜ਼ਾਮ ਹੈ। ਉੱਥੇ ਹੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।