ਚੰਡੀਗੜ੍ਹ:ਪੀਟੀਸੀ ਪੰਜਾਬੀ ਬਾਕਸ ਆਫ਼ਿਸ ਲਈ ਕਈ ਅਰਥ-ਭਰਪੂਰ ਅਤੇ ਪ੍ਰਭਾਵੀ ਲਘੂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਸਰਵਜੀਤ ਖੇੜ੍ਹਾ ਹੁਣ ਬਤੌਰ ਨਿਰਦੇਸ਼ਕ ਬਾਲੀਵੁੱਡ ’ਚ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਬਣਾਈ ਜਾ ਰਹੀ ਹਿੰਦੀ ਫ਼ੀਚਰ ਫਿਲਮ ‘ਸ਼ੇਡਜ਼’ ਦੀ ਸ਼ੂਟਿੰਗ ਇੰਨ੍ਹੀਂ ਦਿਨ੍ਹੀਂ ਚੰਡੀਗੜ੍ਹ ‘ਚ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ।
‘ਗੋਲਡਨ ਬੁੱਕ ਪ੍ਰੋਡੋਕਸ਼ਨ’ ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫਿਲਮ ਵਿਚ ਹਿੰਦੀ ਅਤੇ ਪੰਜਾਬੀ ਸਿਨੇਮਾ ਦੇ ਕਈ ਮੰਨੇ ਪ੍ਰਮੰਨੇ ਚਿਹਰੇ ਮਹੱਤਵਪੂਰਨ ਭੂਮਿਕਾਵਾਂ ਨਿਭਾ ਰਹੇ ਹਨ, ਜਿੰਨ੍ਹਾਂ ਵਿਚ ਰਜਤ ਭੱਲਾ, ਅਪੂਰਵਾ ਅਰੋੜਾ, ਫ਼ਿਦਾ ਗਿੱਲ, ਭਵਸ਼ੀਲ, ਨੀਟਾ ਮਹਿੰਦਰਾ, ਤੇਜ਼ ਸਪਰੂ ਆਦਿ ਸ਼ਾਮਿਲ ਹਨ।
ਨਿਰਦੇਸ਼ਕ ਸਰਵਜੀਤ ਖੇੜ੍ਹਾ ਅਨੁਸਾਰ ਪਰਿਵਾਰਿਕ ਰਿਸ਼ਤਿਆਂ ਵਿਚ ਆਉਣ ਵਾਲੇ ਉਤਰਾਅ ਚੜ੍ਹਾਵਾਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਲੱਕੀ ਯਾਦਵ ਹਨ। ਉਨ੍ਹਾਂ ਦੱਸਿਆ ਕਿ ਉਕਤ ਫਿਲਮ ਦਾ ਪਹਿਲਾਂ ਸ਼ਡਿਊਲ ਪੰਜਾਬ ਵਿਚ ਹੀ ਮੁਕੰਮਲ ਕੀਤਾ ਜਾ ਚੁੱਕਾ ਹੈ, ਜਿਸ ਉਪਰੰਤ ਰਹਿੰਦੇ ਹਿੱਸੇ ਅਤੇ ਕਲਾਈਮੈਕਸ ਦੀ ਸ਼ੂਟਿੰਗ ਹੁਣ ਸੰਪੂਰਨ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਫਿਲਮ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਸ਼ੁਰੂ ਕਰ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਬਹੁਤ ਹੀ ਮਨ ਨੂੰ ਛੂਹ ਲੈਣ ਵਾਲੀ ਕਹਾਣੀ ਆਧਾਰਿਤ ਇਹ ਫਿਲਮ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਪਸੰਦ ਆਵੇਗੀ, ਜਿਸ ਦੇ ਗੀਤ ਸੰਗੀਤ ਅਤੇ ਬੈਕਗਰਾਊਂਡ ਆਦਿ ਪੱਖਾਂ 'ਤੇ ਵੀ ਪੂਰੀ ਮਿਹਨਤ ਕੀਤੀ ਜਾ ਰਹੀ ਹੈ। ਹਾਲ ਹੀ ਵਿਚ ਆਈ ਨੀਰੂ ਬਾਜਵਾ, ਧੀਰਜ ਕੁਮਾਰ ਸਟਾਰਰ ਚਰਚਿਤ ਪੰਜਾਬੀ ਫਿਲਮ ‘ਕ੍ਰਿਮੀਨਲ’ ਦੇ ਸਹਿ ਲੇਖਨ ਲਈ ਵੀ ਭਰਪੂਰ ਸਲਾਹੁਤਾ ਹਾਸਿਲ ਕਰ ਚੁੱਕੇ ਨਿਰਦੇਸ਼ਕ ਸਰਵਜੀਤ ਖੇੜ੍ਹਾ ਲਘੂ ਫਿਲਮਾਂ ਦੇ ਨਾਲ ਨਾਲ ਪੰਜਾਬੀ ਅਤੇ ਹਿੰਦੀ ਸਿਨੇਮਾ ’ਚ ਇੰਨ੍ਹੀਂ ਦਿਨ੍ਹੀਂ ਵੱਧ ਚੜ੍ਹ ਕੇ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਹਨ, ਜੋ ਪੀਟੀਸੀ ਬਾਕਸ ਆਫ਼ਿਸ ਲਈ ਬਣਾਈ ਆਪਣੀ ਫਿਲਮ ‘ਲਾਈਫ਼ ਕੈਬ’ ਲਈ ਬੈਸਟ ਫਿਲਮ ਐਵਾਰਡ ਨਾਲ ਵੀ ਨਿਵਾਜੇ ਜਾਣ ਦਾ ਮਾਣ ਆਪਣੀ ਝੋਲੀ ਪਾ ਚੁੱਕੇ ਹਨ।
ਇਸ ਤੋਂ ਇਲਾਵਾ ਉਨਾਂ ਵੱਲੋਂ ਬਣਾਈਆਂ ‘ਇਟਜ਼ ਮਾਈ ਫ਼ਾਲਟ’, ਸੋਨਪ੍ਰੀਤ ਜਵੰਦਾ ਨਾਲ ‘ਪੂਰੇ ਅਧੂਰੇ’ ਆਦਿ ਵੀ ਦਰਸ਼ਕਾਂ ਅਤੇ ਆਲੋਚਕਾਂ ਦੀ ਵੀ ਭਰਵੀਂ ਪ੍ਰਸੰਸ਼ਾ ਹਾਸਿਲ ਕਰਨ ਵਿਚ ਸਫ਼ਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਿਆਰੀ ਫਿਲਮਾਂ ਦੀ ਸਿਰਜਨਾ ਕਰਨ ਦੀ ਅਪਣਾਈ ਜਾ ਰਹੀ ਸੋਚ ਦੇ ਮੱਦੇਨਜ਼ਰ ਹੀ ਉਨਾਂ ਦੀ ਇਕ ਹੋਰ ਲਘੂ ਫਿਲਮ ਤਿਆਗ ਵੀ ਜਲਦ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਨਿਰਮਾਣ ‘ਸਬਕੁਜ ਪ੍ਰੋੋਡੋਕਸ਼ਨ’ ਕੈਨੇਡਾ ਦੇ ਬੈਨਰ ਅਧੀਨ ਕੀਤਾ ਗਿਆ ਹੈ ਅਤੇ ਇਸ ਵਿਚ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸੀਮਾ ਕੌਸ਼ਲ ਲੀਡ ਭੂਮਿਕਾ ਅਦਾ ਕਰ ਰਹੇ ਹਨ।
ਪਾਲੀਵੁੱਡ ਅਤੇ ਬਾਲੀਵੁੱਡ ਦੋਨਾਂ ਹੀ ਸਿਨੇਮਾ ਖਿੱਤਿਆਂ ਵਿਚ ਕੁਝ ਅਲੱਗ ਸਿਨੇਮਾ ਸਿਰਜਨਾਂ ਦੀ ਤਾਂਘ ਰੱਖਦੇ ਨਿਰਦੇਸ਼ਕ ਸਰਵਜੀਤ ਖੇੜਾ ਅਨੁਸਾਰ ਥੋੜਾ ਪਰ ਗੁਣਵੱਤਾ ਭਰਪੂਰ ਕਰਨਾ ਉਨਾਂ ਦੀ ਹਮੇਸ਼ਾ ਪਹਿਲਕਦਮੀ ਰਹੀ ਹੈ ਅਤੇ ਆਗਾਮੀ ਸਮੇਂ ਵੀ ਦਰਸ਼ਕਾਂ ਨੂੰ ਮਿਆਰੀ ਮੰਨੋਰੰਜਨ ਨਾਲ ਭਰਪੂਰ ਫਿਲਮਾਂ ਦੇਣ ਲਈ ਉਹ ਇਸੇ ਤਰ੍ਹਾਂ ਯਤਨਸ਼ੀਲ ਰਹਿਣਗੇ।