ਚੰਡੀਗੜ੍ਹ:ਇਨੀਂ ਦਿਨੀਂ ਪੰਜਾਬੀ ਗਾਇਕ ਜਸਬੀਰ ਜੱਸੀ ਸੁਰਖ਼ੀਆਂ ਵਿੱਚ ਬਣੇ ਹੋਏ ਹਨ, ਜਿਸ ਦਾ ਕਾਰਨ ਉਹਨਾਂ ਦੁਆਰਾ ਡੇਰਿਆਂ-ਕਬਰਾਂ ਸੰਬੰਧੀ ਦਿੱਤਾ ਇੱਕ ਬਿਆਨ ਹੈ, ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਹਾਲ ਹੀ ਵਿੱਚ ਗਾਇਕ ਨੇ ਕਿਹਾ ਸੀ ਕਿ 'ਮੈਂ ਸਾਧਾਂ ਦੇ ਡੇਰਿਆਂ ਉਤੇ ਨਹੀਂ ਜਾਂਦਾ, ਮੈਂ ਉਥੇ ਜਾ ਕੇ ਨਹੀਂ ਗਾਉਂਦਾ, ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਹੈ, ਇਹ ਨਸ਼ਿਆਂ ਦੇ ਅੱਡੇ ਬਣ ਗਏ ਹਨ।'
ਜਦੋਂ ਇਸ ਸੰਬੰਧੀ ਦਿੱਗਜ ਗਾਇਕ ਹੰਸ ਰਾਜ ਹੰਸ ਤੋਂ ਇੱਕ ਇੰਟਰਵਿਊ ਦੌਰਾਨ ਪੁੱਛਿਆ ਗਿਆ ਤਾਂ ਗਾਇਕ ਨੇ ਇਸ ਦਾ ਜੁਆਬ ਕਾਫੀ ਵਿਅੰਗਮਈ ਸ਼ੈਲੀ ਵਿੱਚ ਦਿੱਤਾ। ਗਾਇਕ ਨੇ ਕਿਹਾ, 'ਮੈਂ ਦੇਖਾਂਗਾ, ਉਸਨੂੰ ਸਮਝਾਵਾਂਗਾ ਕਿ ਪੁੱਤ ਸੋਚ ਕੇ ਬੋਲਿਆ ਕਰੋ, ਜੇ ਤੁਹਾਨੂੰ ਕੋਈ ਲਿਜਾਵੇ ਦੁਰਗਾਹਾਂ ਵਾਲਾ ਵੀ ਉਥੇ ਜਾ ਕੇ ਗਾ, ਤਾਂ ਤੁਸੀਂ ਜ਼ਰੂਰ ਕਹਿਣਾ ਮੈਂ ਨਹੀਂ ਗਾਉਂਦਾ, ਜਦੋਂ ਕਿਸੇ ਨੇ ਬੁਲਾਇਆ ਹੀ ਨਹੀਂ ਅਜੇ ਤੱਕ, ਤਾਂ ਆਪੇ ਘਰ ਬੈਠੇ ਕਹੀ ਜਾਓ ਕਿ ਉਹ ਵੱਡੇ ਘਰਾਂ ਵਿੱਚ ਵਿਆਹ ਹੋ ਰਿਹਾ ਹੈ, ਮੈਂ ਨਹੀਂ ਉਥੇ ਜਾਣਾ, ਉਹਨਾਂ ਨੇ ਤਾਂ ਬੁਲਾਇਆ ਹੀ ਨਹੀਂ ਤੁਹਾਨੂੰ...।'
ਹੁਣ ਇਸ ਸੰਬੰਧੀ ਗਾਇਕ ਜਸਬੀਰ ਜੱਸੀ ਨੇ ਇੱਕ ਕਮੈਂਟ ਕੀਤਾ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਹੈ, 'ਹੰਸ ਰਾਜ ਹੰਸ ਭਾਅ ਜੀ ਤਾਂ ਕੁਦਰਤ ਵੱਲੋਂ ਨਿਵਾਜ਼ੇ ਹੋਏ ਬਹੁਤ ਵੱਡੇ ਫ਼ਨਕਾਰ ਨੇ, ਭਾਅ ਜੀ ਨੇ ਸਿਆਸਤ ਵਿੱਚ ਆ ਕੇ ਆਪਣੇ ਅਤੇ ਸੰਗੀਤ ਦੀ ਦੁਨੀਆਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ, ਭਾਅ ਜੀ ਨੂੰ ਸਿਰਫ਼ ਲੋਕਾਂ ਨੂੰ ਗਾਣਾ ਸੁਣਾਉਣਾ ਅਤੇ ਸਿਖਾਉਣਾ ਚਾਹੀਦਾ ਹੈ।' ਹੁਣ ਗਾਇਕ ਦੀ ਇਸ ਪੋਸਟ ਉਤੇ ਵੀ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ ਅਤੇ ਗਾਇਕ ਜੱਸੀ ਨੂੰ ਅੜ੍ਹੇ ਹੱਥੀ ਲੈ ਰਹੇ ਹਨ।
ਇੱਕ ਪ੍ਰਸ਼ੰਸਕ ਨੇ ਲਿਖਿਆ, 'ਇਹ ਤਾਂ ਵੱਖਰਾ ਵਿਸ਼ਾ, ਹਰ ਕੋਈ ਅੱਗੇ ਵਧਣ ਵਾਸਤੇ ਰਾਜਨੀਤੀ 'ਚ ਆਉਂਦਾ। ਤੁਸੀਂ ਮਜ਼ਾਰਾਂ 'ਤੇ ਨਹੀਂ ਗਾਉਂਦੇ, ਇਸ ਗੱਲ ਦੀ ਮੈਨੂੰ ਦਿਲੋਂ ਖ਼ੁਸ਼ੀ ਆ। ਪਰ ਹੰਸ ਜੀ ਨੇ ਇੱਕ ਬਹੁਤ ਸੋਹਣੀ ਗੱਲ ਆਖੀ ਆ ਕਿ ਮੇਰੇ ਪੁੱਤਾਂ ਵਰਗਾ 'ਜੱਸੀ' ਨੂੰ ਮੈਂ ਸਮਝਾਊਂਗਾ ਅਤੇ ਉਨ੍ਹਾਂ ਇਹ ਵੀ ਆਖਿਆ ਕਿ ਜੱਸੀ ਨੂੰ ਕੋਈ ਧੱਕੇ ਨਾਲ ਤਾਂ ਮਜ਼ਾਰਾਂ 'ਤੇ ਨਹੀਂ ਬੁਲਾ ਰਿਹਾ। ਪਰ ਤੁਸੀਂ ਹੰਸ ਜੀ ਨੂੰ ਗੱਲ ਲਾ ਕੇ ਕਰ ਰਹੇ ਓ। ਕਿੱਧਰੇ ਜਾਣਾ ਨਾ ਜਾਣਾ ਉਹ ਨਿੱਜੀ ਮਸਲਾ। ਪਰ ਜੋ ਤੁਸੀਂ ਹੰਸ ਜੀ ਨੂੰ ਤਾਅਨੇ ਦੇ ਰੂਪ 'ਚ ਗੱਲ ਕਹਿ ਰਹੇ ਓ। ਇਹ ਹਜ਼ਮ ਨੀ ਹੋਇਆ। ਤੁਸੀਂ ਚਮਕਦੇ ਹੋਏ ਸਿਤਾਰੇ ਓ, ਐਂਵੇਂ ਨਹੀਂ ਉਲਝੀ ਦਾ ਹੁੰਦਾ। ਭਾਵੇਂ ਉਹ ਰਾਜਨੀਤੀ 'ਚ ਚਲੇ ਗਏ, ਪਰ ਸ਼ਾਇਦ ਤੁਹਾਨੂੰ ਨੀ ਪਤਾ ਬਥੇਰੇ ਲੋਕ ਅੱਜ ਵੀ ਪਿਆਰ ਕਰਦੇ ਆ, ਭਾਵੇਂ ਉਹ ਲੋਕ ਰਾਜਨੀਤੀ ਨਾਲ ਨਹੀਂ ਪਿਆਰ ਕਰਦੇ। ਹੰਸ ਜੀ ਨੇ ਤੁਹਾਡਾ ਹਰ ਥਾਂ ਸਾਥ ਦਿੱਤਾ।'
ਇਸ ਦੌਰਾਨ ਗਾਇਕ ਜਸਬੀਰ ਜੱਸੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਇੰਨੀਂ ਦਿਨੀਂ ਕਵੀ ਰਾਜ਼ ਦੀ ਫਿਲਮ ਸਰਾਭਾ ਨੂੰ ਲੈ ਕੇ ਚਰਚਾ ਵਿੱਚ ਹਨ, ਫਿਲਮ ਅੱਜ 3 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ।