ਚੰਡੀਗੜ੍ਹ: ਬਤੌਰ ਮਾਡਲ ਆਪਣੇ ਅਦਾਕਾਰੀ ਕਰੀਅਰ ਦਾ ਆਗਾਜ਼ ਕਰਨ ਵਾਲੇ ਗੈਵੀ ਚਾਹਲ ਬਤੌਰ ਅਦਾਕਾਰ ਅੱਜ ਪੰਜਾਬੀ ਹੀ ਨਹੀਂ, ਬਲਕਿ ਹਿੰਦੀ ਸਿਨੇਮਾ ਖੇਤਰ ਵਿੱਚ ਉੱਚ ਬੁਲੰਦੀਆਂ ਛੂਹ ਲੈਣ ਵੱਲ ਵੱਧ ਰਹੇ ਹਨ, ਜੋ ਇੰਨ੍ਹੀਂ ਦਿਨ੍ਹੀਂ ਆਪਣੀ ਨਵੀਂ ਹਿੰਦੀ ਫਿਲਮ 'ਟਾਈਗਰ 3' ਨੂੰ ਲੈ ਕੇ ਕਾਫ਼ੀ ਚਰਚਾ ਵਿਚ ਹਨ।
'ਯਸ਼ਰਾਜ ਪ੍ਰੋਡੋਕਸ਼ਨ' ਵੱਲੋਂ ਨਿਰਮਿਤ ਕੀਤੀ ਗਈ ਅਤੇ ਮਨੀਸ਼ ਸ਼ਰਮਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਹ ਫਿਲਮ ਅੱਜਕੱਲ੍ਹ ਬਾਲੀਵੁੱਡ ਗਲਿਆਰਿਆਂ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਨੂੰ ਮਿਲ ਰਹੇ ਭਰਪੂਰ ਹੁੰਗਾਰੇ ਨਾਲ ਇਹ ਪੰਜਾਬੀ ਮੂਲ ਅਦਾਕਾਰ ਬਹੁਤ ਹੀ ਖੁਸ਼ੀ ਭਰੇ ਆਲਮ ਵਿੱਚ ਹਨ ਅਤੇ ਆਪਣੀ ਇਸ ਅਹਿਮ ਸਿਨੇਮਾ ਪ੍ਰਾਪਤੀ 'ਤੇ ਮਾਣ ਮਹਿਸੂਸ ਕਰ ਰਹੇ ਹਨ।
ਇਸੇ ਸੰਬੰਧੀ ਆਪਣੇ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਸਾਲ 2017 ਵਿਚ ਰਿਲੀਜ਼ ਹੋਈ 'ਟਾਈਗਰ ਜ਼ਿੰਦਾ ਹੈ' ਵਿਚ ਵੀ ਉਨ੍ਹਾਂ ਵੱਲੋਂ ਕੈਪਟਨ ਅਬਰਾਰ ਸ਼ੇਖ ਦਾ ਬਹੁਤ ਹੀ ਪ੍ਰਭਾਵਸ਼ਾਲੀ ਕਿਰਦਾਰ ਅਦਾ ਕੀਤਾ ਗਿਆ ਸੀ ਅਤੇ ਹੁਣ ਏਨ੍ਹੇ ਸਾਲਾਂ ਬਾਅਦ ਇਸੇ ਫਿਲਮ ਦੇ ਸੀਕਵਲ ਨਾਲ ਜੁੜਨਾ ਉਨਾਂ ਲਈ ਬੇਹੱਦ ਯਾਦਗਾਰੀ ਤਜ਼ਰਬਾ ਰਿਹਾ ਹੈ, ਜਿਸ ਦੌਰਾਨ ਇੱਕ ਵਾਰ ਫਿਰ ਸਲਮਾਨ ਖਾਨ ਅਤੇ ਕੈਟਰੀਨਾ ਕੈਫ਼ ਨਾਲ ਚੁਣੌਤੀ ਭਰੀ ਭੂਮਿਕਾ ਨਿਭਾਉਣ ਅਤੇ ਬਾਲੀਵੁੱਡ ਦੇ ਉਚਕੋਟੀ ਪ੍ਰੋਡੋਕਸ਼ਨ ਹਾਊਸ ਨਾਲ ਜੁੜਨ ਦਾ ਅਵਸਰ ਮਿਲਿਆ ਹੈ।
ਹਾਲ ਹੀ ਵਿਚ ਸੰਪੂਰਨ ਹੋਈ ਪੰਜਾਬੀ ਫਿਲਮ 'ਸੰਗਰਾਂਦ' ਨਾਲ ਪੰਜਾਬੀ ਸਿਨੇਮਾ ਖੇਤਰ ਵਿਚ ਵੀ ਨਵੇਂ ਦਿਸਹਿੱਦੇ ਸਿਰਜਣ ਵੱਲ ਕਦਮ ਵਧਾ ਚੁੱਕੇ ਇਸ ਹੋਣਹਾਰ ਅਤੇ ਪ੍ਰਭਾਵਸ਼ਾਲੀ ਵਿਅਕਤੀਤਵ ਵਾਲੇ ਅਦਾਕਾਰ ਨੇ ਦੱਸਿਆ ਕਿ ਆਪਣੇ ਹੁਣ ਤੱਕ ਦੇ ਕਰੀਅਰ ਦੌਰਾਨ ਉਨ੍ਹਾਂ ਗਿਣਿਆਂ ਚੁਣੀਆਂ ਅਤੇ ਅਜਿਹੀਆਂ ਫਿਲਮਾਂ ਕਰਨ ਨੂੰ ਤਵੱਜੋਂ ਦਿੱਤੀ ਹੈ, ਜਿਸ ਦੇ ਕਿਰਦਾਰ ਲੰਮੇਂ ਸਮੇਂ ਤੱਕ ਦਰਸ਼ਕਾਂ ਦੇ ਮਨ੍ਹਾਂ 'ਤੇ ਆਪਣੀ ਛਾਪ ਛੱਡ ਸਕਣ ਅਤੇ ਇਸ ਦਾ ਇਜ਼ਹਾਰ ਉਨ੍ਹਾਂ ਦੀਆਂ ਇੱਕ ਨਹੀਂ ਬਲਕਿ ਪ੍ਰਦਰਸ਼ਿਤ ਹੋ ਚੁੱਕੀਆਂ ਕਈ ਫਿਲਮਾਂ ਕਰਵਾ ਚੁੱਕੀਆਂ ਹਨ, ਜਿੰਨ੍ਹਾਂ ਵਿੱਚ 'ਯੇਹ ਹੈ ਇੰਡੀਆ', 'ਚਿਕਨ ਬਿਰਿਆਨੀ', 'ਹੰਟਡ ਹਿਲਜ਼' ਆਦਿ ਸ਼ੁਮਾਰ ਰਹੀਆਂ ਹਨ।
ਫਿਲਮਾਂ ਦੇ ਨਾਲ-ਨਾਲ ਟੈਲੀਵਿਜ਼ਨ ਦੀ ਦੁਨੀਆ ਵਿਚ ਵੀ ਆਪਣੀ ਸ਼ਾਨਦਾਰ ਅਦਾਕਾਰੀ ਦਾ ਬਾਖੂਬੀ ਲੋਹਾ ਮੰਨਵਾ ਚੁੱਕੇ ਇਸ ਬਾਕਮਾਲ ਅਦਾਕਾਰ ਨੇ ਦੱਸਿਆ ਕਿ ਉਕਤ ਹਿੰਦੀ ਫਿਲਮ ਉਨ੍ਹਾਂ ਦੇ ਕਰੀਅਰ ਲਈ ਇੱਕ ਹੋਰ ਮੀਲ ਪੱਥਰ ਵਾਂਗ ਸਾਬਿਤ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਦੇ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਅਤੇ ਹਿੰਦੀ ਸਿਨੇਮਾ ਸ਼ਖਸ਼ੀਅਤਾਂ ਦਾ ਭਰਵਾਂ ਹੁੰਗਾਰਾ ਅਤੇ ਪਿਆਰ, ਸਨੇਹ ਮਿਲ ਰਿਹਾ ਹੈ। ਅਦਾਕਾਰ ਗੈਵੀ ਚਾਹਲ ਪੰਜਾਬੀ ਅਤੇ ਹਿੰਦੀ ਸਿਨੇਮਾ ਖੇਤਰ ਵਿਚ ਬਰਾਬਰਤਾ ਨਾਲ ਆਪਣੀ ਸ਼ਾਨਦਾਰ ਮੌਜੂਦਗੀ ਦਾ ਇਜ਼ਹਾਰ ਕਰਵਾ ਰਹੇ ਹਨ।