ਚੰਡੀਗੜ੍ਹ: ਅੰਤਰਰਾਸ਼ਟਰੀ ਪੱਧਰ 'ਤੇ ਸਰਾਹਣਾ ਅਤੇ ਪੁਰਸਕਾਰ ਹਾਸਿਲ ਕਰ ਚੁੱਕੀਆਂ ਕਈ ਲਘੂ ਫਿਲਮਾਂ ਦਾ ਲੇਖਨ ਅਤੇ ਨਿਰਦੇਸ਼ਿਤ ਕਰ ਚੁੱਕੇ ਹੋਣਹਾਰ ਅਤੇ ਨੌਜਵਾਨ ਨਿਰਦੇਸ਼ਕ ਹਰਜੀਤ ਸਿੰਘ ਓਬਰਾਏ ਹੁਣ ਪੰਜਾਬੀ ਸਿਨੇਮਾ ’ਚ ਪਲੇਠੀ ਅਤੇ ਪ੍ਰਭਾਵੀ ਪਾਰੀ ਸ਼ੁਰੂ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਇਹ ਪਹਿਲੀ ਫ਼ੀਚਰ ਫਿਲਮ ਜਲਦ ਫ਼ਲੌਰ 'ਤੇ ਜਾ ਰਹੀ ਹੈ।
ਪੰਜਾਬ ਦੇ ਉਦਯੋਗਿਕ ਜ਼ਿਲ੍ਹੇ ਜਲੰਧਰ ਨਾਲ ਤਾਲੁਕ ਰੱਖਦੇ ਨਿਰਦੇਸ਼ਕ ਹਰਜੀਤ ਸਿੰਘ ਓਬਰਾਏ ਦੇ ਹੁਣ ਤੱਕ ਦੇ ਲੇਖਨ ਅਤੇ ਫਿਲਮੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਦੀ ਹਾਲੀਆ ਲਿਖੀ ਫਿਕਸ਼ਨ ਪੁਸਤਕ ‘ਗੌਡ ਇਜ਼ ਇਨੋਸੈੱਟ’ ਐਮਾਜੋਨ 'ਤੇ ਲੋਕ ਅਰਪਣ ਹੋ ਚੁੱਕੀ ਹੈ, ਜਿਸ ਦੀ ਭਾਵਨਾਤਮਕ ਲਿਖਤ ਨੂੰ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਅਤੇ ਪ੍ਰਸੰਸ਼ਾ ਮਿਲ ਰਹੀ ਹੈ।
ਪੰਜਾਬ ਅਤੇ ਪੰਜਾਬੀਅਤ ਤੋਂ ਇਲਾਵਾ ਕਿਸਾਨੀ ਅੰਦੋਲਨ ਜਿਹੇ ਕਰੰਟ ਮੁੱਦਿਆਂ ਨੂੰ ਬਾਖੂਬੀ ਦਰਸਾਉਂਦੀ ‘ਦਿ ਲਾਈਟ ਐਂਡ ਦਾ ਲੋਡ’ ਤੋਂ ਇਲਾਵਾ ‘ਗਗਨ ਮੇਂ ਥਾਲ’, ‘ਇੰਮਪੈਕਟ’ ਆਦਿ ਜਿਹੀਆਂ ਕਈ ਲਘੂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਇਹ ਪ੍ਰਤਿਭਾਵਾਨ ਫ਼ਿਲਮਕਾਰ ਮੇਨ ਸਟਰੀਮ ਫਿਲਮਾਂ ਤੋਂ ਅਲਹਦਾ ਅਤੇ ਅਰਥਭਰਪੂਰ ਫਿਲਮਾਂ ਦੀ ਸਿਰਜਨਾ ਨੂੰ ਹੀ ਜਿਆਦਾ ਤਰਜ਼ੀਹ ਦੇਣਾ ਪਸੰਦ ਕਰਦੇ ਆ ਰਹੇ ਹਨ, ਜਿੰਨ੍ਹਾਂ ਦੀ ਹਰ ਲਘੂ ਫਿਲਮ ਤਕਨੀਕੀ ਪੱਖਾਂ ਬਾਕਮਾਲ ਸਿਰਜਨਾਤਮਕਤਾ ਦਾ ਇਜ਼ਹਾਰ ਕਰਵਾਉਣ ਵਿਚ ਕਾਮਯਾਬ ਰਹੀ ਹੈ।
ਥੁੜਾਂ ਮਾਰੇ ਲੋਕਾਂ ਦੀ ਮਨ ਅਤੇ ਦਿਲ ਨੂੰ ਝੰਜੋੜ ਦੇਣ ਵਾਲੀ ਕਹਾਣੀ ਨੂੰ ਬਿਆਨ ਕਰਦੀ ਬਿਨੇਡਿਕਸ਼ਨ ਜਿਹੀ ਉਮਦਾ ਲਘੂ ਫਿਲਮ ਦਾ ਨਿਰਦੇਸ਼ਨ ਕਰਕੇ ਦੇਸ਼, ਵਿਦੇਸ਼ ਦੇ ਸਿਨੇਮਾ ਗਲਿਆਰਿਆਂ ਵਿਚ ਚਰਚਾ ਦਾ ਕੇਂਦਰਬਿੰਦੂ ਬਣੇ ਇਹ ਨਿਰਦੇਸ਼ਕ ਇੰਨ੍ਹੀਂ ਦਿਨ੍ਹੀਂ ਆਪਣੀ ਪਹਿਲੀ ਪੰਜਾਬੀ ਫਿਲਮ ਦੀਆਂ ਪ੍ਰੀ ਪ੍ਰੋਡੋਕਸ਼ਨ ਤਿਆਰੀਆਂ ਨੂੰ ਆਖ਼ਰੀ ਛੋਹਾਂ ਦੇਣ ਵਿਚ ਜੁਟੇ ਹੋਏ ਹਨ।
ਹਿੰਦੀ ਸਿਨੇਮਾ ਦੀਆਂ ਉਚਕੋਟੀ ਸਿਨੇਮਾ ਸ਼ਖ਼ਸ਼ੀਅਤਾਂ ਦੀ ਸੰਗਤ ਅਤੇ ਤਜ਼ਰਬਾ ਹੰਢਾ ਚੁੱਕੇ ਫ਼ਿਲਮਕਾਰ ਹਰਜੀਤ ਸਿੰਘ ਅਨੁਸਾਰ ਨਿਰਦੇਸ਼ਿਤ ਫਿਲਮਾਂ ਦੀ ਗਿਣਤੀ ਵਧਾਉਣਾ ਉਨਾਂ ਦੀ ਸੋਚ 'ਤੇ ਕਦੀ ਹਾਵੀ ਨਹੀਂ ਰਿਹਾ ਬਲਕਿ ਉਨਾਂ ਦਾ ਮਨ ਅਜਿਹੀਆਂ ਫਿਲਮਾਂ ਚਾਹੇ ਉਹ ਲਘੂ ਹੋਣ, ਡਾਕੂਮੈਂਟਰੀ ਜਾਂ ਫਿਰ ਫ਼ੀਚਰ ਫ਼ਿਲਮਜ਼ ਬਣਾਉਣ ਦਾ ਹੈ, ਜਿੰਨ੍ਹਾਂ ਦਾ ਅਸਰ ਲੰਮੇ ਸਮੇਂ ਤੱਕ ਦਰਸ਼ਕਾਂ ਦੇ ਮਨ੍ਹਾਂ 'ਤੇ ਹਾਵੀ ਰਹੇ।
ਉਨ੍ਹਾਂ ਕਿਹਾ ਕਿ ਆਪਣੇ ਚਾਹੁੰਣ ਵਾਲਿਆਂ ਦਾ ਦਿਲੋਂ ਤੋਂ ਸ਼ੁਕਰਗੁਜ਼ਾਰ ਹਾਂ, ਜਿੰਨ੍ਹਾਂ ਵੱਲੋਂ ਉਨ੍ਹਾਂ ਦੁਆਰਾ ਲੀਕ ਤੋਂ ਹੱਟ ਕੇ ਕੀਤੇ ਜਾ ਰਹੇ ਪ੍ਰੋਜੈਕਟਾਂ ਨੂੰ ਹਮੇਸ਼ਾ ਪਿਆਰ, ਸਨੇਹ ਨਾਲ ਨਿਵਾਜ਼ਿਆ ਗਿਆ ਹੈ, ਜਿੰਨ੍ਹਾਂ ਦੀ ਇਸੇ ਹੌਂਸਲਾ ਅਫ਼ਜਾਈ ਸਦਕਾ ਉਨਾਂ ਦਾ ਮਨੋਬਲ ਅਤੇ ਕੁਝ ਵੱਖਰਾ ਕਰ ਗੁਜ਼ਰਣ ਦਾ ਜਜ਼ਬਾ ਹੋਰ ਉੱਚਾ ਅਤੇ ਬੁਲੰਦ ਹੋਇਆ ਹੈ।
ਉਨ੍ਹਾਂ ਕਿਹਾ ਕਿ ਸ਼ੁਰੂ ਹੋਣ ਵਾਲੀ ਉਨਾਂ ਦੀ ਪਹਿਲੀ ਫ਼ੀਚਰ ਫਿਲਮ ਵੀ ਪੰਜਾਬੀ ਸਿਨੇਮਾ ਖੇਤਰ ਵਿਚ ਕੀਤੇ ਜਾਣ ਵਾਲੇ ਇਕ ਨਿਵੇਕਲੇ ਅਤੇ ਸ਼ਾਨਦਾਰ ਯਤਨ ਵਜੋਂ ਸਾਹਮਣੇ ਆਵੇਗੀ, ਜੋ ਇਸ ਇੰਡਸਟਰੀ ਨੂੰ ਨਵੀਆਂ ਕੰਟੈਂਟ ਅਤੇ ਤਕਨੀਕੀ ਸੰਭਾਵਨਾਵਾਂ ਨਾਲ ਹੋਰ ਲੱਥਪੱਥ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਵੇਗੀ।