ਪੰਜਾਬ

punjab

ETV Bharat / entertainment

ਆਪਣੇ ਦਾਦਾ ਜੀ ਦੀ ਕਰਮਭੂਮੀ ਨੂੰ ਸੱਜਦਾ ਕਰਨ ਚੰਡੀਗੜ੍ਹ ਪੁੱਜੇ ਫ਼ਤਿਹ ਰੰਧਾਵਾ, ਦਾਰਾ ਸਟੂਡਿਓ 'ਚ ਬਿਤਾਏ ਅਨਮੋਲ ਪਲ

ਰੁਸਤਮ-ਏ-ਹਿੰਦ ਰਹੇ ਮਰਹੂਮ ਦਾਰਾ ਸਿੰਘ ਦੇ ਪੋਤੇ ਫ਼ਤਿਹ ਰੰਧਾਵਾ ਵੀ ਆਪਣੇ ਦਾਦਾ ਸ਼੍ਰੀ ਅਤੇ ਪਿਤਾ ਵਿੰਦੂ ਦਾਰਾ ਸਿੰਘ ਦੀ ਅਦਾਕਾਰੀ ਵਿਰਾਸਤ ਨੂੰ ਅੱਗੇ ਵਧਾਉਣ ਵੱਲ ਪੈਰ ਪਸਾਰ ਰਹੇ ਹਨ।

Fateh Randhawa
Fateh Randhawa

By ETV Bharat Entertainment Team

Published : Nov 20, 2023, 1:26 PM IST

ਚੰਡੀਗੜ੍ਹ:ਹਿੰਦੀ ਅਤੇ ਪੰਜਾਬੀ ਸਿਨੇਮਾ ਦੇ ਮਹਾਨ ਐਕਟਰਾਂ ਵਿੱਚ ਅੱਜ ਵੀ ਆਪਣਾ ਸ਼ੁਮਾਰ ਕਰਵਾਉਂਦੇ ਹਨ ਰੁਸਤਮ-ਏ-ਹਿੰਦ ਰਹੇ ਮਰਹੂਮ ਦਾਰਾ ਸਿੰਘ, ਜਿੰਨ੍ਹਾਂ ਦੇ ਪੋਤੇ ਫ਼ਤਿਹ ਰੰਧਾਵਾ ਵੀ ਆਪਣੇ ਦਾਦਾ ਸ਼੍ਰੀ ਅਤੇ ਪਿਤਾ ਵਿੰਦੂ ਦਾਰਾ ਸਿੰਘ ਦੀ ਅਦਾਕਾਰੀ ਵਿਰਾਸਤ ਨੂੰ ਅੱਗੇ ਵਧਾਉਣ ਜਾ ਰਹੇ ਹਨ, ਜੋ ਸਿਨੇਮਾ ਨਾਲ ਜੁੜ ਰਹੀਆਂ ਆਪਣੀਆਂ ਤੰਦਾਂ ਦੇ ਦਰਮਿਆਨ ਹੀ ਫੁਰਸਤ ਦਾ ਕੁਝ ਸਮਾਂ ਕੱਢ ਉਚੇਚੇ ਤੌਰ ਉਤੇ ਚੰਡੀਗੜ੍ਹ ਪੁੱਜੇ ਅਤੇ ਆਪਣੀ ਪਿਤਾ-ਪੁਰਖੀ ਕਰਮਭੂਮੀ ਦਾਰਾ ਸਟੂਡਿਓ ਪਹੁੰਚੇ।

ਹਿੰਦੀ ਸਿਨੇਮਾ ਦੀ ਸਿਲਵਰ ਸਕਰੀਨ 'ਤੇ ਬਤੌਰ ਅਦਾਕਾਰ ਜਲਦ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਇਹ ਹੋਣਹਾਰ ਅਤੇ ਡੈਸ਼ਿੰਗ ਗੱਬਰੂ ਅੱਜਕੱਲ੍ਹ ਹਰ ਫਿਲਮੀ ਕਲਾਵਾਂ ਡਾਂਸ, ਘੋੜ ਸਵਾਰੀ, ਐਕਸ਼ਨ, ਮਾਰਸ਼ਲ ਆਰਟਸ ਆਦਿ ਦੀ ਟ੍ਰੇਨਿੰਗ ਵੀ ਮੁੰਬਈ ਗਲੈਮਰ ਵਰਲਡ ਦੇ ਮੰਨੇ-ਪ੍ਰਮੰਨੇ ਸਿਨੇਮਾ ਗੁਰੂਆਂ ਪਾਸੋਂ ਹਾਸਿਲ ਕਰ ਰਿਹਾ ਹੈ, ਜੋ ਐਕਸ਼ਨ ਭਰਪੂਰ ਫਿਲਮ ਨਾਲ ਆਪਣੇ ਸਿਨੇਮਾ ਕਰੀਅਰ ਦਾ ਆਗਾਜ਼ ਕਰੇਗਾ।

ਬਾਲੀਵੁੱਡ ਵਿੱਚ ਉੱਚਕੋਟੀ ਅਦਾਕਾਰੀ ਪੈਂਡਾ ਹੰਢਾਂ ਚੁੱਕੀ ਆਪਣੀ ਮਾਂ ਫ਼ਰਹਾ ਖਾਨ ਦੇ ਸੁਪਨਿਆਂ ਨੂੰ ਵੀ ਤਾਬੀਰ ਦੇਣ ਦਾ ਪੂਰਨ ਇਰਾਦਾ ਰੱਖਦਾ ਹੈ ਇਹ ਸੋਹਣਾ-ਸੁਨੱਖਾ ਪੰਜਾਬੀ ਅਤੇ ਖੂਬਸੂਰਤ ਅਦਾਕਾਰ, ਜਿਸ ਦੇ ਪਿਤਾ ਵਿੰਦੂ ਦਾਰਾ ਸਿੰਘ, ਜੋ ਖੁਦ ਪ੍ਰਭਾਵੀ ਸਿਨੇਮਾ ਪਹਿਚਾਣ ਰੱਖਦੇ ਹਨ, ਉਹ ਵੀ ਉਸ ਦਾ ਯੋਗ ਮਾਰਗ-ਦਰਸ਼ਨ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਅਨੁਸਾਰ ਉਨ੍ਹਾਂ ਅਤੇ ਪੂਰੇ ਪਰਿਵਾਰ ਨੂੰ ਇਹ ਪੂਰਨ ਉਮੀਦ ਹੈ ਕਿ ਫ਼ਤਿਹ ਆਪਣੇ ਦਾਦਾ ਜੀ ਦੇ ਨਾਂਅ ਨੂੰ ਹੋਰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਏਗਾ।

ਸਿਨੇਮਾ ਖੇਤਰ ਵਿੱਚ ਅਗਲੇ ਦਿਨਾਂ ਦੌਰਾਨ ਹੋਣ ਜਾ ਰਹੀ ਆਪਣੀ ਸ਼ਾਨਦਾਰ ਆਮਦ ਨੂੰ ਲੈ ਕੇ ਇੰਨੀਂ ਦਿਨੀਂ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ ਅਦਾਕਾਰ ਫ਼ਤਿਹ ਰੰਧਾਵਾ, ਜਿੰਨ੍ਹਾਂ ਨੇ ਆਪਣੇ ਮਨ ਦੇ ਵਲਵਲਿਆਂ ਨੂੰ ਬਿਆਨ ਕਰਦਿਆਂ ਦੱਸਿਆ ਕਿ ਆਪਣੇ ਪਰਿਵਾਰ ਦੇ ਨਾਂਅ ਨੂੰ ਹੋਰ ਮਾਣ ਦਿਵਾਉਣਾ ਉਨ੍ਹਾਂ ਦੀ ਪਹਿਲੀ ਤਰਜ਼ੀਹ ਰਹੇਗੀ, ਜਿਸ ਲਈ ਉਹ ਜੀਅ-ਜਾਨ ਅਤੇ ਜਨੂੰਨੀਅਤ ਨਾਲ ਆਪਣੇ ਫ਼ਰਜਾਂ ਨੂੰ ਅੰਜ਼ਾਮ ਦੇਣਗੇ।

ਉਸਨੇ ਅੱਗੇ ਦੱਸਿਆ ਕਿ ਉਸ ਦੀ ਮਾਤਾ ਫ਼ਰਹਾ ਖਾਨ ਅਤੇ ਮਾਸੀ ਤੱਬੂ ਵੀ ਉਸਦੇ ਲਈ ਪ੍ਰੇਰਨਾ ਸਰੋਤ ਰਹੇ ਹਨ, ਜਿੰਨ੍ਹਾਂ ਨੇ ਬਹੁਤ ਹੀ ਮਿਹਨਤ ਅਤੇ ਲੰਮੇਰੀ ਘਾਲਣਾ ਬਾਅਦ ਸਿਨੇਮਾ ਖੇਤਰ ਵਿੱਚ ਆਪਣੀ ਜਗ੍ਹਾਂ ਮਜ਼ਬੂਤ ਕੀਤੀ ਹੈ ਅਤੇ ਅੱਜ ਤੱਕ ਵੀ ਦਰਸ਼ਕਾਂ ਦੇ ਮਨਾਂ ਵਿਚ ਆਪਣੀ ਪਹਿਚਾਣ ਅਤੇ ਵਜ਼ੂਦ ਨੂੰ ਕਾਇਮ ਰੱਖਿਆ ਹੋਇਆ ਹੈ।

ABOUT THE AUTHOR

...view details