ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿਚ ਬਤੌਰ ਨਿਰਦੇਸ਼ਕ ਸਫ਼ਲ ਮੁਕਾਮ ਹਾਸਿਲ ਕਰ ਚੁੱਕੇ ਨੌਜਵਾਨ ਫ਼ਿਲਮਕਾਰ ਮਾਨਵ ਸ਼ਾਹ ਆਪਣੇ ਨਵੇਂ ਪ੍ਰੋਜੈਕਟ ‘ਯੂਨਾਈਟਡ ਕੱਚੇ’ ਨਾਲ ਓਟੀਟੀ ਵੱਲ ਕਦਮ ਵਧਾ ਚੁੱਕੇ ਹਨ, ਜਿੰਨ੍ਹਾਂ ਦੀ ਇਸ ਪਹਿਲੀ ਹਿੰਦੀ ਵੈਬਸੀਰੀਜ਼ ’ਚ ਸੁਨੀਲ ਗਰੋਵਰ ਲੀਡ ਭੂਮਿਕਾ ਵਿਚ ਨਜ਼ਰ ਆਉਣਗੇ।
‘ਜੀ ਫਾਈਵ’ 'ਤੇ 31 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਇਸ ਵੈਬਸੀਰੀਜ਼ ਦਾ ਲੇਖਨ ਛੋਟੇ ਪਰਦੇ ਦੇ ਪ੍ਰਤਿਭਾਵਾਨ ਅਤੇ ਨਾਮਵਰ ਲੇਖਕਾਂ ਵਿਚ ਆਪਣਾ ਸ਼ੁਮਾਰ ਕਰਵਾਉਂਦੇ ਮਨੋਜ ਸੱਭਰਵਾਲ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਲਰਜ਼ ਚੈਨਲ 'ਤੇ ਆਪਾਰ ਲੋਕਪ੍ਰਿਯਤਾ ਹਾਸਿਲ ਕਰ ਚੁੱਕੇ ਸ਼ੋਅ ‘ਕਾਮੇਡੀ ਕਲਾਸਿਸ’ ਨਾਲ ਜੁੜ੍ਹੇ ਰਹੇ ਹਨ।
ਜੇਕਰ ਉਕਤ ਵੈਬਸੀਰੀਜ਼ ਦੀ ਥੀਮ ਦੀ ਗੱਲ ਕੀਤੀ ਜਾਵੇ ਤਾਂ ਇਹ ਇਕ ਅਜਿਹੇ ਪੰਜਾਬੀ ਨੌਜਵਾਨ ਟੈਂਗੋ ਗਿੱਲ ਦੇ ਇਰਦਗਿਰਦ ਘੁੰਮਦੀ ਹੈ, ਜੋ ਪੰਜਾਬ ਤੋਂ ਵਿਦੇਸ਼ ਸੈਂਟਲ ਹੋਣ ਦੀ ਇੱਛਾ ਵਿਚ ਲੰਦਨ ਪਹੁੰਚਦਾ ਹੈ, ਪਰ ਇੱਥੇ ਉਸ ਦੇ ਸੁਪਨਿਆਂ ਦੇ ਬਿਲਕੁਲ ਉਲਟ ਅਜਿਹੇ ਘਟਨਾਕ੍ਰਮ ਅਤੇ ਪਰਸਥਿਤੀਆਂ ਵਾਪਰਦੀਆਂ ਹਨ ਕਿ ਇਕ ਦਿਨ ਉਹ ਆਪਣੇ ਲਏ ਇਸ ਫੈਸਲੇ ਤੇ ਪਛਤਾਉਣ ਲਈ ਮਜ਼ਬੂਰ ਹੋ ਜਾਂਦਾ ਹੈ। 'ਜੀ ਫਾਈਵ' ਵੱਲੋਂ ਨਿਰਮਿਤ ਕੀਤੀ ਗਈ ਇਸ ਫ਼ਿਲਮ ਦੇ ਹੋਰਨਾਂ ਕਲਾਕਾਰਾਂ ਵਿਚ ਡੇਜ਼ੀ ਪਟੇਲ ਦਾ ਕਿਰਦਰ ਅਦਾ ਕਰ ਰਹੀ ਸਪਨਾ ਪੱਬੀ ਤੋਂ ਇਲਾਵਾ ਨਿਖ਼ਿਲ ਵਿਜੇ, ਮਨੂੰ ਰਿਸ਼ੀ ਚੱਢਾ, ਨਯਾਨੀ ਦੀਕਸ਼ਤ ਆਦਿ ਸ਼ਾਮਿਲ ਹਨ। ਇਸ ਦੇ ਨਾਲ ਹੀ ਫ਼ਿਲਮ ਦੇ ਖਾਸ ਆਕਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਬਾਲੀਵੁੱਡ ਦੇ ਦਿੱਗਜ ਐਕਟਰ ਵਜੋਂ ਜਾਂਣੇ ਜਾਂਦੇ ਸਤੀਸ਼ ਸ਼ਾਹ ਦਾ ਵੀ ਉਲੇਖ਼ ਕਰਨਾ ਬਣਦਾ ਹੈ, ਜੋ ਇਸ ਵੈਬਸੀਰੀਜ਼ ਵਿਚ ਬਹੁਤ ਹੀ ਪ੍ਰਭਾਵੀ ਰੋਲ ਨਿਭਾ ਰਹੇ ਹਨ। ਪੰਜਾਬੀ ਫ਼ਿਲਮ ਇੰਡਸਟਰੀ ਵਿਚ ਪੜਾਅ ਦਰ ਪੜ੍ਹਾਅ ਆਪਣੀ ਸਥਿਤੀ ਹੋਰ ਮਜ਼ਬੂਤ ਕਰਦੇ ਜਾ ਰਹੇ ਨਿਰਦੇਸ਼ਕ ਮਾਨਵ ਸ਼ਾਹ ਦੇ ਹੁਣ ਤੱਕ ਦੇ ਫ਼ਿਲਮ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਆਪਣਾ ਕਰੀਅਰ ਬਤੌਰ ਸਹਾਇਕ ਨਿਰਦੇਸ਼ਕ ਸ਼ੁਰੂ ਕੀਤਾ, ਜਿਸ ਦੌਰਾਨ ਉਨ੍ਹਾਂ 'ਸਿੰਘ ਵਰਸਿਸ਼ ਕੌਰ', 'ਸਾਡੀ ਲਵ ਸਟੋਰੀ', 'ਟੌਹਰ ਮਿੱਤਰਾਂ ਦੀ', 'ਇਸ਼ਕ ਗਰਾਰੀ' ਜਿਹੀਆਂ ਕਈ ਫ਼ਿਲਮਾਂ ਸਹਾਇਕ ਦੇ ਤੌਰ 'ਤੇ ਕੀਤੀਆਂ। ਇਸ ਤੋਂ ਬਾਅਦ ਨਿਰਦੇਸ਼ਕ ਵਜੋਂ ਉਨ੍ਹਾਂ ਦੀਆਂ ਹਾਲੀਆਂ ਫ਼ਿਲਮਾਂ ਵਿਚ 'ਲਾਟੂ', 'ਸਿਕੰਦਰ 2', 'ਅੜ੍ਹਬ ਮੁਟਿਆਰਾਂ', 'ਜੱਟ ਬ੍ਰਦਰਜ਼' ਆਦਿ ਸ਼ਾਮਿਲ ਰਹੀਆਂ ਹਨ, ਜਿੰਨ੍ਹਾਂ ਨੂੰ ਮਿਲੀ ਅਥਾਹ ਕਾਮਯਾਬੀ ਨੇ ਇਸ ਪ੍ਰਤਿਭਾਸ਼ਾਲੀ ਨਿਰਦੇਸ਼ਕ ਨੂੰ ਇਸ ਸਿਨੇਮਾ ਦੇ ਉਚਕੋਟੀ ਨਿਰਦੇਸ਼ਕਾਂ ਵਿਚ ਸ਼ਾਮਿਲ ਕਰ ਦਿੱਤਾ ਹੈ। ਮੂਲ ਰੂਪ ਵਿਚ ਪੰਜਾਬ ਦੇ ਜ਼ਿਲ੍ਹਾਂ ਜਲੰਧਰ ਨਾਲ ਸਬੰਧਤ ਇਸ ਨਿਰਦੇਸ਼ਕ ਦੀ ਨਵੀਂ ਵੈਬਸੀਰੀਜ਼ ਨੂੰ ਲੈ ਕੇ ਦਰਸ਼ਕਾਂ ਵਿਚ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿਸ ਦਾ ਟ੍ਰਲੇਰ ਜੀ ਫਾਈਵ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:Mardaani Director Pradeep Sarkar: ਨਹੀਂ ਰਹੇ 'ਮਰਦਾਨੀ' ਦੇ ਨਿਰਦੇਸ਼ਕ ਪ੍ਰਦੀਪ ਸਰਕਾਰ, 68 ਸਾਲ ਦੀ ਉਮਰ 'ਚ ਹੋਇਆ ਦੇਹਾਂਤ