ਤਰਨਤਾਰਨ: ਪੰਜਾਬ ਵਿਧਾਨਸਭਾ ਚੋਣਾਂ ਦੇ ਐਲਾਨ ਮਗਰੋਂ ਹੀ ਪੰਜਾਬ ’ਚ ਚੋਣ ਜਾਬਤਾ ਲਗਾ ਦਿੱਤਾ ਗਿਆ। ਚੋਣ ਜਾਬਤੇ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਰਾਰਤੀ ਅਨਸਰਾਂ ’ਤੇ ਪੈਨੀ ਨਜਰ ਰੱਖੀ ਹੋਣ ਦੇ ਅਤੇ ਸਖਤ ਸੁਰੱਖਿਆ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ। ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਵੀ ਸ਼ਰਾਰਤੀ ਅਨਸਰਾਂ ਵੱਲੋਂ ਲਗਾਤਾਰ ਵੱਡੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ। ਮਾਮਲਾ ਭਿੱਖੀਵਿੰਡ ਦਾ ਹੈ ਜਿੱਥੇ ਚੋਣ ਜਾਬਤੇ ਦੀ ਉਲੰਘਣਾ ਕਰਦਿਆਂ ਕੁਝ ਨੌਜਵਾਨਾਂ ਨੇ ਘਰ ਚ ਵੜ ਕੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਕਿਸੇ ਗੱਲ ਨੂੰ ਲੈ ਕੇ ਨੌਜਵਾਨਾਂ ਵਿਚਾਲੇ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਕੁਝ ਨੌਜਵਾਨਾਂ ਨੇ ਗੁਰਪ੍ਰੀਤ ਸਿੰਘ ਦੇ ਘਰ ’ਚ ਗੋਲੀਆਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਦੇ ਘਰ ਚ ਮੌਜੂਦ ਇੱਕ ਵਿਅਕਤੀ ਦੀ ਮੌਤ ਹੋ ਗਈ।
ਮਾਮਲੇ ਸਬੰਧੀ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਬੀਤੇ ਦਿਨੀਂ ਮੰਗਾਂ ਅਤੇ ਭੋਲੂ ਨਾ ਦੇ ਗੁਆਂਢੀ ਨੌਜਵਾਨਾਂ ਨੂੰ ਭਿੱਖੀਵਿੰਡ ਪੁਲਿਸ ਦੇ ਏਐਸਆਈ ਜੱਸਾ ਸਿੰਘ ਨੇ ਸਮੈਕ ਅਤੇ ਕੰਡੇ ਸਮੇਤ ਗ੍ਰਿਫ਼ਤਾਰ ਕੀਤਾ ਸੀ ਪਰ ਸ਼ਾਮ ਸਮੇਂ ਉਨ੍ਹਾਂ ਦੋਹਾਂ ਨੌਜਵਾਨਾਂ ਨੂੰ ਭਿੱਖੀਵਿੰਡ ਪੁਲਿਸ ਨੇ ਛੱਡ ਦਿੱਤਾ। ਥਾਣੇ ਚੋਂ ਰਿਹਾਅ ਹੋ ਕੇ ਆਏ ਨੌਜਵਾਨ ਉਸਦੇ ਪਤੀ ਗੁਰਪ੍ਰੀਤ ਦੇ ਨਾਲ ਲੜਣ ਲੱਗ ਪਏ ਸੀ। ਇਸ ਦੌਰਾਨ ਉਸਦੇ ਪਤੀ ਨੂੰ ਕਈ ਭਾਰੀ ਸੱਟਾਂ ਵੀ ਲੱਗੀਆਂ। ਬਾਅਦ ਵਿੱਚ ਮਾਹੌਲ ਸ਼ਾਂਤ ਹੋ ਗਿਆ। ਪਰ ਬੀਤੀ ਰਾਤ ਭੋਲੂ ਮੰਗਾਂ ਨਾ ਦੇ ਵਿਅਕਤੀ ਨੇ ਆਪਣੇ ਸਾਥੀਆਂ ਦੇ ਨਾਲ ਉਨ੍ਹਾਂ ਦੇ ਘਰ ’ਤੇ ਗੋਲੀਆਂ ਨਾਲ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਉਨ੍ਹਾਂ ਦੇ ਘਰ ਆਏ ਰਿਸ਼ਤੇਦਾਰ ਦੀ ਗੋਲੀ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਚੋਣ ਕਮਿਸ਼ਨ ਪੰਜਾਬ ਅਤੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।