ਲੁਧਿਆਣਾ:ਪੰਜਾਬ ਦੇ ਵਿੱਚ ਧਰਮ ਪਰਿਵਰਤਨ ਨੂੰ ਲੈ ਕੇ ਇਕ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿਚ ਇਸਾਈ ਮਿਸ਼ਨਰੀ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਲੈ ਕੇ ਸਿੱਖ ਕੱਟੜਪੰਥੀਆਂ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਅੰਮ੍ਰਿਤਸਰ ਦੇ ਪਿੰਡ ਦਾਡੁਆਣਾ ਵਿਖੇ 150 ਨਿਹੰਗਾਂ ਅਤੇ ਈਸਾਈ ਭਾਈਚਾਰੇ ਦੇ ਸਮਾਗਮ ਚ ਵਿਘਨ ਪਾਉਣ ਨੂੰ ਲੈਕੇ ਮਾਮਲਾ ਦਰਜ ਹੋ ਗਿਆ ਹੈ। ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪਰਚੇ ਰੱਦ ਕਰਨ ਦੀ ਮੰਗ ਕੀਤੀ ਹੈ ਤੇ ਇਸ ਮਾਮਲੇ ਦੇ ਵਿਚ ਕੇਂਦਰ ਸਰਕਾਰ ਨੂੰ ਦਖਲ ਦੇਣ ਦੀ ਵੀ ਅਪੀਲ ਕੀਤੀ ਹੈ।
ਦੱਸ ਦਈਏ ਕਿ ਪਾਦਰੀ ਦੀ ਸ਼ਿਕਾਇਤ ਤੇ ਸਿੱਖ ਜਥੇਬੰਦੀਆਂ ਦੇ ਆਗੂ ਬਾਬਾ ਮੇਜਰ ਸਿੰਘ ਸਣੇ 150 ਉਨ੍ਹਾਂ ਦੇ ਸਾਥੀਆਂ ਤੇ ਪਰਚਾ ਦਰਜ ਕੀਤਾ ਗਿਆ ਹੈ। ਉੱਥੇ ਹੀ ਤਰਨ ਤਾਰਨ ਦੇ ਇਕ ਚਰਚ ਦੇ ਬਾਹਰ ਖੜੀ ਗੱਡੀ ਚ ਅੱਗ ਲੱਗਣ ਦੀ ਘਟਨਾ ਅਤੇ ਮਦਰ ਮੇਰੀ ਦੀ ਮੂਰਤੀ ਦੀ ਬੇਅਦਬੀ ਤੋਂ ਬਾਅਦ ਮਾਹੌਲ ਹੋਰ ਗਰਮਾ ਗਿਆ ਹੈ।
ਪੰਜਾਬ ਵਿੱਚ ਧਰਮ ਪਰਿਵਰਤਨ ਦਾ ਭਖਿਆ ਮਾਮਲਾ
ਕਿਉਂ ਸ਼ੁਰੂ ਹੋਇਆ ਵਿਵਾਦ: ਦਰਅਸਲ ਬੀਤੇ ਕਈ ਸਮੇਂ ਤੋਂ ਇਸਾਈ ਮਿਸ਼ਨਰੀਆਂ ਵੱਲੋਂ ਪੰਜਾਬ ਦੇ ਵਿੱਚ ਵੱਖ ਵੱਖ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਇਸ ਦੌਰਾਨ ਧਰਮ ਦੇ ਪ੍ਰਚਾਰ ਲਈ ਉਨ੍ਹਾਂ ਵੱਲੋਂ ਮਿਸ਼ਨ ਵੀ ਚਲਾਇਆ ਜਾ ਰਿਹਾ ਹੈ। ਵੱਡੀ ਤਦਾਦ ਅੰਦਰ ਪੰਜਾਬ ਤੋਂ ਲੋਕ ਇਸਾਈ ਭਾਈਚਾਰੇ ਦੇ ਸਮਾਗਮਾਂ ਦੇ ਵਿੱਚ ਸ਼ਾਮਲ ਹੋ ਰਹੇ ਹਨ। ਇਸੇ ਦੌਰਾਨ ਅੰਮ੍ਰਿਤਸਰ ਦੇ ਇਕ ਪਿੰਡ ਚ ਸਮਾਗਮ ਦੋਰਾਨ ਕਾਫੀ ਹੰਗਾਮਾ ਹੋਇਆ, ਜਿਸ ਤੋਂ ਬਾਅਦ 150 ਨਿਹੰਗਾਂ ਤੇ ਪਰਚਾ ਕੀਤਾ ਗਿਆ। ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਵੀ ਬਿਆਨ ਜਾਰੀ ਕੀਤਾ ਗਿਆ।
ਇਸ ਨੂੰ ਲੈਕੇ ਅਕਾਲੀ ਦਲ ਦੇ ਆਗੂ ਅਤੇ ਐਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕੇ ਸਿੰਘ ਸਾਹਿਬ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਚ ਆਉਣ ਵਾਲੇ ਦਿਨਾਂ ਅੰਦਰ ਮਾਹੌਲ ਖਰਾਬ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਂਮ ਕਿਸੇ ਧਰਮ ਚ ਦਖਲ ਨਹੀਂ ਦਿੰਦੀ ਅਤੇ ਆਪਣੇ ਧਰਮ ਚ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਦਾ ਇਸ ਦੇ ਸਾਫ ਸੁਨੇਹਾ ਹੈ ਇਸ ਕਰਕੇ ਸਰਕਾਰਾਂ ਇਸ ’ਤੇ ਗੌਰ ਕਰਨ ਨਹੀਂ ਤਾਂ ਹਾਲਾਤ ਖਰਾਬ ਹੋ ਜਾਣਗੇ।
ਈਸਾਈ ਮਿਸ਼ਨਰੀਆਂ ਦਾ ਤਰਕ: ਉਧਰ ਦੂਜੇ ਪਾਸੇ ਇਸਾਈ ਭਾਈਚਾਰੇ ਦੇ ਆਗੂਆਂ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਕਿਸੇ ਨੂੰ ਵੀ ਜਬਰੀ ਧਰਮ-ਪਰਿਵਰਤਨ ਲਈ ਨਹੀਂ ਕਿਹਾ ਜਾ ਰਿਹਾ ਹੈ। ਐਲਬਰਟ ਦੁਆ ਨੇ ਕਿਹਾ ਕਿ ਅਸੀਂ ਕਿਸੇ ਦਾ ਧਰਮ ਨਹੀਂ ਬਦਲ ਰਹੇ ਸਗੋਂ ਲੋਕਾਂ ਦਾ ਮਨ ਬਦਲ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਸਮਾਗਮਾਂ ਚ ਆਉਣ ਉੱਤੇ ਜੇਕਰ ਉਨ੍ਹਾਂ ਨੂੰ ਕੋਈ ਫਾਇਦਾ ਹੋ ਰਿਹਾ ਹੈ ਉਹ ਤਾਂ ਹੀ ਆਉਂਦੇ ਹਨ। ਉੱਥੇ ਹੀ ਉਨ੍ਹਾਂ ਦੂਜੇ ਪਾਸੇ ਇਹ ਵੀ ਕਿਹਾ ਕਿ ਈਸਾਈ ਭਾਈਚਾਰੇ ਤੇ ਸਿੱਖ ਭਾਈਚਾਰੇ ਦਾ ਆਪਸੀ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਪੰਜਾਬ ਅੰਦਰ ਤਾਦਾਦ ਅੱਜ ਵੀ 1.28 ਫੀਸਦੀ ਹੈ।
ਉਨ੍ਹਾਂ ਕਿਹਾ ਕੇ ਇਸ ਤੋਂ ਜਿਆਦਾ ਤਾਦਾਦ ਨਹੀਂ ਹੈ ਘੱਟੀ ਜਰੂਰ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੋ ਸਾਡੇ ’ਤੇ ਸਵਾਲ ਖੜੇ ਕਰ ਰਹੇ ਹਨ। ਉਨ੍ਹਾਂ ਨੂੰ ਆਪਣੇ ਲੋਕਾਂ ਨੂੰ ਰੋਕਣਾ ਚਾਹੀਦਾ ਹੈ ਆਪਣੇ ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਸੈਕੂਲਰ ਹੈ ਇਸ ਕਰਕੇ ਕਿਸੇ ਨੂੰ ਕਿਸੇ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਰੋਕਿਆ ਨਹੀਂ ਜਾ ਸਕਦਾ।
ਪਹਿਲਾਂ ਵੀ ਗਰਮਾਇਆ ਸੀ ਮਾਮਲਾ: ਇਹ ਕੋਈ ਨਵਾਂ ਮਾਮਲਾ ਨਹੀਂ ਹੈ ਇਸ ਮਾਮਲੇ ਨੂੰ ਲੈਕੇ ਪਾਦਰੀ ਅੰਕੁਰ ਨਰੂਲਾ ਨੇ ਪਿਛਲੇ ਦਿਨੀ ਬਿਆਨ ਚ ਕਿਹਾ ਸੀ ਕਿ ਪੰਜਾਬ ਦੀ ਅਬਾਦੀ ਦਾ 20 ਫੀਸਦੀ ਹਿੱਸਾ ਈਸਾਈ ਧਰਮ ਚ ਪਰਿਵਰਤਿਤ ਹੋ ਗਿਆ ਹੈ, ਜਿਸ ਨੂੰ ਲੈਕੇ ਕਾਫੀ ਵਿਵਾਦ ਵੀ ਹੋਇਆ ਸੀ> ਭਾਜਪਾ ਆਗੂ ਆਰਪੀ ਸਿੰਘ ਨੇ ਐਸਜੀਪੀਸੀ ’ਤੇ ਵੀ ਸਵਾਲ ਖੜੇ ਕੀਤੇ ਸਨ। ਹਾਲਾਂਕਿ ਈਸਾਈ ਭਾਈਚਾਰੇ ਦੇ ਆਗੂਆਂ ਨੇ ਕਿਹਾ ਹੈ ਕੇ ਜੋ ਲੋਕ ਇਹ ਕਹਿ ਰਹੇ ਹਨ ਕਿ ਪੰਜਾਬ ਚ 20 ਫੀਸਦੀ ਈਸਾਈ ਧਰਮ ਚ ਪਰਿਵਰਤਨ ਹੋ ਗਏ ਹਨ ਇਹ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ 1.28 ਫੀਸਦੀ ਕੁਲ ਸਾਡੀ ਜਨਸੰਖਿਆ ਹੈ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਦਲਿਤ ਜਾਂ ਪਿਛੜੇ ਨੂੰ ਕੋਈ ਵੀ ਲਾਲਚ ਦੇ ਕੇ ਭਰਮਾ ਨਹੀਂ ਰਹੇ ਉਨਾਂ ਕਿਹਾ ਕਿ ਅਸੀਂ ਆਪਣੇ ਜੋ ਸਮਾਗਮ ਕਰਵਾਉਂਦੇ ਹਨ ਜੇਕਰ ਓਥੇ ਲੋਕਾਂ ਨੂੰ ਕੋਈ ਫ਼ਇਦਾ ਮਿਲਦਾ ਹੈ ਉਹ ਤਾਂ ਹੀ ਆ ਰਹੇ ਹਨ।
ਜਥੇਦਾਰ ਅਕਾਲ ਤਖਤ ਸਾਹਿਬ ਦਾ ਬਿਆਨ: ਇਸ ਪੂਰੇ ਮਾਮਲੇ ਨੂੰ ਲੈਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਬਿਆਨ ਜਾਰੀ ਕਰਕੇ ਸਾਫ ਕਿਹਾ ਗਿਆ ਹੈ ਕf ਕਿਸੇ ਵੀ ਕੀਮਤ ’ਤੇ ਜਬਰਨ ਧਰਮ ਪਰਿਵਰਤਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਥੇਦਾਰ ਨੇ ਕਿਹਾ ਕਿ ਕਾਨੂੰਨ ਵੀ ਇਸ ਦੀ ਇਜਾਜ਼ਤ ਨਹੀਂ ਦਿੰਦਾ, ਜਦਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਚ ਵੱਡੀ ਤਾਦਾਦ ਚ ਇਹ ਸਭ ਜਾਰੀ ਹੈ। ਉਨ੍ਹਾਂ 5 ਸਤੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਚ ਇਕ ਵਡੀ ਬੈਠਕ ਸੱਦੀ ਹੈ ਜਿਸ ਚ ਇਸ ਮਾਮਲੇ ਤੇ ਵਿਚਾਰ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਖ ਅਤੇ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਐਸਜੀਪੀਸੀ ਪ੍ਰਧਾਨ ਹਰਜਿੰਦਰ ਧਾਮੀ ਨੇ ਵੀ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਹਲੀਮੀ ਨਾਲ ਸਮਾਗਮ ਨਾ ਕਰਨ ਦੀ ਅਪੀਲ ਕੀਤੀ ਸੀ ਪਰ ਜਦੋਂ ਉਹ ਨਹੀਂ ਮੰਨੇ ਤਾਂ ਹੀ ਇਹ ਹੰਗਾਮਾ ਹੋਇਆ।
ਇਹ ਵੀ ਪੜੋ:ਹਰਸਿਮਰਤ ਕੌਰ ਬਾਦਲ ਦਾ ਆਪ ਸਰਕਾਰ ਨੂੰ ਲੈ ਕੇ ਵੱਡਾ ਬਿਆਨ