ਲੁਧਿਆਣਾ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਤੇ ਜੈਜ਼ੀ ਬੀ ਨੂੰ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਘੇਰਿਆ ਹੈ। ਬਿੱਟੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਿਲਜੀਤ ਦੁਸਾਂਝ, ਜੈਜ਼ੀ ਤੇ ਖਾਲਿਸਤਾਨ ਦਾ ਸਮਰਥਨ ਕਰ ਵਾਲਿਆਂ 'ਤੇ ਦੇਸ਼ ਧਰੋਹ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਰਵਨੀਤ ਬਿੱਟੂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਰੈਫਰੈਂਡਮ 2020 ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ, ਜੋ ਹੁਣ ਭਾਰਤ ਵਿਰੁੱਧ ਬੋਲ ਰਿਹਾ ਹੈ। ਬਿੱਟੂ ਨੇ ਕਿਹਾ ਸੀ ਕਿ ਪੰਨੂੰ ਚੀਨ ਨਾਲ ਹਮਦਰਦੀ ਰੱਖਦੇ ਹਨ ਤੇ ਹਿੰਸਕ ਕਾਰਵਾਈਆਂ ਲਈ ਭਾਰਤ ਦੀ ਨਿੰਦਾ ਕਰਦੇ ਹਨ।
ਰਵਨੀਤ ਬਿੱਟੂ ਨੇ ਕਿਹਾ ਕਿ 4 ਜੁਲਾਈ ਨੂੰ ਸਿੱਖ ਫਾਰ ਜਸਟਿਸ ਵੱਲੋਂ ਰੈਫਰੈਂਡਮ 2020 ਨੂੰ ਲੈ ਕੇ ਵੋਟਾਂ ਪਾਈਆਂ ਜਾਣੀਆਂ ਹਨ, ਜਿਸ 'ਤੇ ਉਨ੍ਹਾਂ ਨੇ ਆਪਣਾ ਪੱਖ ਰੱਖਿਆ ਹੈ। ਰਵਨੀਤ ਬਿੱਟੂ ਨੇ ਸਾਫ਼ ਕਿਹਾ ਕਿ ਇਨ੍ਹਾਂ ਵਰਗੇ ਗਾਇਕ ਜੋ ਖਾਲਿਸਤਾਨ ਦੀ ਗੱਲ ਕਰਦੇ ਹਨ, ਉਨ੍ਹਾਂ ਨੇ 84 ਦਾ ਉਹ ਵੇਲਾ ਨਹੀਂ ਵੇਖਿਆ ਹੈ।
ਬਿੱਟੂ ਨੇ ਕਿਹਾ ਕਿ ਪੰਜਾਬ ਦੇ ਸਿਰ 'ਤੇ ਹੀ ਇਨ੍ਹਾਂ ਗਾਇਕਾਂ ਨੇ ਸ਼ੌਹਰਤ ਹਾਸਲ ਕੀਤੀ ਹੈ ਅਤੇ ਹੁਣ ਇਹ ਪੰਜਾਬ ਦਾ ਹੀ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਖਿਲਾਫ਼ ਅਮਨ ਪਸੰਦ ਲੋਕਾਂ ਵੱਲੋਂ ਕਈ ਥਾਂ ਮਾਮਲੇ ਵੀ ਦਰਜ ਕਰਵਾਏ ਗਏ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਸਿੱਖ ਫਾਰ ਜਸਟਿਸ ਨੂੰ ਭਾਰਤ ਨੇ ਪੂਰੀ ਤਰ੍ਹਾਂ ਬੈਨ ਕੀਤਾ ਹੈ ਅਤੇ ਉਹ ਮੁੜ ਤੋਂ ਹੁਣ ਖਾਲਿਸਤਾਨੀ ਗਤੀਵਿਧੀਆਂ ਦੀ ਗੱਲ ਕਰ ਰਹੇ ਹਨ।
ਬਿੱਟੂ ਨੇ ਕਿਹਾ ਕਿ ਇਨ੍ਹਾਂ ਦੇ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਪੰਜਾਬ ਦੀ ਸ਼ਾਂਤੀ ਨੂੰ ਇਹ ਲੋਕ ਭੰਗ ਕਰਨ ਦੀਆਂ ਸਾਜਿਸ਼ਾਂ ਰਚ ਰਹੇ ਹਨ।